ਮੋਹਾਲੀ,10 ਜਨਵਰੀ (ਬਿਓਰੋ) : ਅੱਜ ਮੋਹਾਲੀ ਦੀਆਂ ਇਨਸਾਫ ਪਸੰਦ ਜਥੇਬੰਦੀਆਂ ਵੱਲੋਂ ਵਿਜੀਲੈਂਸ ਬਿਓਰੋ ਪੰਜਾਬ ਦੇ ਦਫਤਰ ਅੱਗੇ ਭ੍ਰਿਸ਼ਟਾਚਾਰੀ ਅਫਸਰਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਆਈ ਏ ਐਸ ਤੇ ਪੀ ਸੀ ਅਫਸਰਾਂ ਦੇ ਪੁਤਲਿਆਂ ਦੇ ਜੁੱਤੀਆਂ ਦੇ ਹਾਰ ਪਾ ਕੇ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਸੰਸਥਾਵਾਂ ਵਿਚ ਪੰਜਾਬ ਅਗੇਂਸਟ ਕਰੱਪਸ਼ਨ, ਫਿਲਿਪਸ ਇੰਪਲਾਈਜ਼ ਯੂਨੀਅਨ ਅਤੇ ਪੰਜਾਬੀ ਮੰਚ ਨੇ ’ਭ੍ਰਿਸ਼ਟ’ਅਫਸਰਾਂ ਦੇ ਖਿਲਾਫ ਸੂਬੇ ਭਰ ਵਿਚ ਲਾਮਬੰਦੀ ਦਾ ਸੱਦਾ ਦਿੱਤਾ ਹੈ।
ਇਸ ਵੇਲੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਭ੍ਰਿਸ਼ਟ ਅਫਸਰਾਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਪੀ ਸੀ ਅਫਸਰ ਛੁੱਟੀ ਤੇ ਚਲੇ ਗਏ ਹਨ ਅਤੇ ਆਈ ਏ ਅਫਸਰਾਂ ਦਾ ਵਫਦ ਆਈ ਏ ਐਸ ਅਧਿਕਾਰੀ ਨਾਲਿਨੀ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਮੁੱਖ ਮੰਤਰੀ ਪੰਜਾਬ ਕੋਲ ਨਰਾਜ਼ਗੀ ਜ਼ਾਹਰ ਕਰਕੇ ਆਇਆ ਹੈ। ਬੁਲਾਰਿਆਂ ਦਾ ਕਹਿਣਾ ਹੈ ਕਿ ਇਹ ਅਧਿਕਾਰੀ ਪੰਜਾਬ ਸਰਕਾਰ ਦੇ ਭ੍ਰਿਸ਼ਟਚਾਰ ਮੁਕਤ ਪੰਜਾਬ ਦੇ ਫੈਸਲੇ ਦੇ ਖਿਲਾਫ ਡਟ ਗਏ ਹਨ। ਜਿੰਨ੍ਹਾਂ ਦਾ ਲੋਕਾਂ ਵੱਲੋਂ ਵੱਡੇ ਪੱਧਰ ‘ਤੇ ਵਿਰੋਧ ਕੀਤਾ ਜਾ ਰਿਹਾ ਹੈ।