ਜਲੰਧਰ, 12 ਜਨਵਰੀ (ਗੋਪਾਲ ਪਾਲੀ) : ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੇ 14 ਮੈਂਬਰੀ ਕਮੇਟੀ ਦੇ ਆਗੂਆਂ ਨੇ ਆਪਣੀ ਮੀਟਿੰਗ ਕਰਕੇ ਕੱਲ੍ਹ 13 ਜਨਵਰੀ ਨੂੰ ਲੋਹੜੀ ਮੌਕੇ ਮੁੱਖ ਮੰਤਰੀ ਦੇ ਵਿਆਹ ਦੀ ਲੋਹੜੀ ਅਤੇ ਆਪਣੇ ਘਰਾਂ ਦੀ ਮੁੜ ਲਤੀਫ਼ਪੁਰਾ ਵਿਖੇ ਉਸਾਰੀ ਕਰਨ,ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਅਤੇ ਗਾਲੀ ਗਲੋਚ ਕਰਨ ਵਾਲੇ ਡੀਸੀਪੀ ਤੇਜਾ ਖਿਲਾਫ਼ ਕਾਰਵਾਈ ਕਰਨ ਦੀ ਲੋਹੜੀ ਮੰਗਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਘਰ ਅੱਗੇ ਲੋਹੜੀ ਬਾਲਣ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਅਤੇ ਇਸ ਮੌਕੇ 16 ਜਨਵਰੀ ਨੂੰ ਜਲੰਧਰ ਸਥਿਤ ਧੰਨੋਵਾਲੀ ਨੇੜੇ ਹਾਈਵੇ ਤੇ ਰੇਲਵੇ ਜਾਮ ਕਰਨ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ।ਇਸ ਮੌਕੇ ਮੋਰਚੇ ਦੇ ਆਗੂ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ,ਜਸਕਰਨ ਸਿੰਘ ਕਾਹਨ ਸਿੰਘ ਵਾਲਾ,
ਸੰਤੋਖ ਸਿੰਘ ਸੰਧੂ,ਤਰਸੇਮ ਸਿੰਘ ਵਿੱਕੀ ਜੈਨਪੁਰ,ਡਾਕਟਰ ਗੁਰਦੀਪ ਸਿੰਘ ਭੰਡਾਲ, ਹੰਸ ਰਾਜ ਪੱਬਵਾਂ,ਮਹਿੰਦਰ ਸਿੰਘ ਬਾਜਵਾ, ਹਰਜਿੰਦਰ ਕੌਰ, ਬਲਜਿੰਦਰ ਕੋਰ,ਪਰਮਿੰਦਰ ਸਿੰਘ ਬਾਜਵਾ, ਕਸ਼ਮੀਰ ਸਿੰਘ ਘੁੱਗਸ਼ੋਰ, ਸੁਖਜੀਤ ਸਿੰਘ ਡਰੋਲੀ ਆਦਿ ਹਾਜ਼ਰ ਹੋਏ।ਆਗੂਆਂ ਨੇ ਕੱਲ੍ਹ ਦੇ ਪ੍ਰਦਰਸ਼ਨ ਦੇ ਰੂਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਤੀਫ਼ਪੁਰਾ ਤੋਂ ਪ੍ਰਦਰਸ਼ਨ ਦੀ ਸ਼ੁਰੂਆਤ ਕਰਕੇ ਪ੍ਰਦਰਸ਼ਨ ਸ੍ਰੀ ਗੁਰੂ ਰਵਿਦਾਸ ਚੌਂਕ, ਅੰਬੇਡਕਰ ਚੌਂਕ, ਫੁੱਟਬਾਲ ਚੌਂਕ ਦੇ ਰਾਸਤੇ ਲੁੱਕ ਵਾਲੀ ਗਲੀ ਤੋਂ ਹੁੱਦਾ ਹੋਇਆ ਵਿਧਾਇਕ ਰਮਨ ਅਰੋੜਾ ਦੇ ਘਰ ਅੱਗੇ ਜਾਵੇਗਾ। ਉਨ੍ਹਾਂ ਕਿਹਾ ਕਿ ਲਤੀਫ਼ਪੁਰਾ ਲਈ ਲੋਹੜੀ ਨਹੀਂ ਲੋਹੜਾ ਹੋ ਕੇ ਆਇਆ ਹੈ।ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਹਿਰ ਵਿੱਚ ਹੁੰਦੇ ਹੋਏ ਵੀ ਲਤੀਫ਼ਪੁਰਾ ਦੇ ਹੱਕ ਵਿੱਚ ਇੱਕ ਸ਼ਬਦ ਤੱਕ ਨਹੀਂ ਬੋਲੇ।ਇਸ ਕਾਰਨ ਰੋਸ ਵਜੋਂ ਉਹਨਾਂ ਦੇ ਘਰ ਅੱਗੇ ਲੋਹੜੀ ਬਾਲ ਕੇ ਉਹਨਾਂ ਨੂੰ ਲਤੀਫ਼ ਪੁਰਾ ਮੁੜ ਵਸਾਉਣ ਆਦਿ ਲਈ ਬੋਲਣ ਲਈ ਜ਼ੋਰ ਪਾਇਆ ਜਾਵੇਗਾ।ਅੱਜ ਮੋਰਚੇ ‘ਤੇ ਕਿਰਤੀ ਕਿਸਾਨ ਯੂਨੀਅਨ ਦੀ ਪਿੰਡ ਉੱਪਲ ਖ਼ਾਲਸਾ ਦੀ ਇਕਾਈ ਵਲੋਂ ਲਤੀਫਪੁਰੇ ਦੇ ਉਜਾੜੇ ਗਏ ਪਰਿਵਾਰਾਂ ਦੇ ਠੰਡ ਤੋਂ ਬਚਾ ਲਈ ਸੁੱਕੇ ਬਾਲਣ ਦੀ ਟਰਾਲੀ ਅਤੇ ਦਿੱਲੀ ਮੋਰਚੇ ਵਾਲਾ ਪੱਕਾ ਵਾਟਰਪਰੂਫ ਟੈਂਟ ਦਿੱਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਆਗੂ ਤਰਪ੍ਰੀਤ ਸਿੰਘ ਉੱਪਲ ਨੇ ਕਿਹਾ ਲਤੀਫਪੁਰਾ ਦੇ ਲੋਕਾਂ ਦੀ ਹਰ ਮਦਦ ਲਈ ਯੂਨੀਅਨ ਹਮੇਸ਼ਾ ਤਿਆਰ ਹੈ ਤੇ ਲਗਾਤਾਰ ਸਹਿਯੋਗ ਕਰਦੇ ਰਹਾਂਗੇ। ਰੋਜ਼ਾਨਾ ਦੀ ਵਾਂਗ ਅੱਜ ਵੀ ਗੁਰੂ ਰਵਿਦਾਸ ਚੌਂਕ ਵਿਖੇ ਸੂਬਾ ਸਰਕਾਰ ਅਤੇ ਚੈਅਰਮੈਨ ਇੰਮਰੂਵਮੈਂਟ ਟਰੱਸਟ ਦਾ ਪੁਤਲਾ ਫ਼ੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਦੂ ਵਾਸੀ,ਬੋਹੜ ਸਿੰਘ ਹਜ਼ਾਰਾ, ਮੰਗਲਜੀਤ ਸਿੰਘ ਪੰਡੋਰੀ ਅਤੇ ਜਸਵੀਰ ਕੌਰ ਜੱਸੀ ਆਦਿ ਨੇ ਵੀ ਸੰਬੋਧਨ ਕੀਤਾ।