ਜੰਡਿਆਲਾ ਗੁਰੂ/ਨਵਾਂ ਪਿੰਡ, 25 ਅਪ੍ਰੈਲ (ਕੰਵਲਜੀਤ ਸਿੰਘ) : ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸੁਵਾਦ ਗਿਆ, ਇਹ ਪੰਜਾਬੀ ਦੀ ਅਖਾਣ ਤਾਂ ਸਾਰਿਆਂ ਨੇ ਸੁਣੀ ਹੈ ਪਰ ਜੇਕਰ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਅੱਖਾਂ ਨਾ ਹੋਣ ਤਾਂ ਅਸੀਂ ਪਰਮਾਤਮਾ ਦੀ ਕਰੋਪੀ ਹੀ ਕਹਿ ਸਕਦੇ ਹਾਂ। ਰੱਬ ਦੀ ਇਹ ਕਰੋਪੀ ਜਾਂ ਫਿਰ ਕਹਿਰ ਜ਼ਿਲ੍ਹਾ ਅੰਮ੍ਰਿਤਸਰ, ਬਲਾਕ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਵਡਾਲਾ ਜੌਹਲ ਦੇ ਇੱਕ ਨੇਤਰਹੀਣ ਬੱਚਿਆਂ ਜਿੰਨਾ ਦੀ ਨਜ਼ਰ ਬਚਪਨ ਵਿਚ ਹੀ ਚਲੀ ਗਈ ਸੀ ਦੀ ਦਰਦਨਾਕ ਦਾਸਤਾਨ ਹੈ। ਇਕੱਤਰ ਜਾਣਕਾਰੀ ਮੁਤਾਬਕ ਇਸ ਨੇਤਰਹੀਣ ਪਰਿਵਾਰ ਦੇ ਮੈਂਬਰਾਂ ਜਿਨ੍ਹਾਂ ਵਿੱਚ ਪ੍ਰੇਮ ਸਿੰਘ ਚਮਕੀਲਾ, ਸੁਖਰਾਜ ਸਿੰਘ ਸੁੱਖਾ ਜਿਨ੍ਹਾਂ ਦੀ ਇੱਕ ਨੇਤਰਹੀਣ ਭੈਣ ਅਮਰਜੀਤ ਕੌਰ ਜਿਸ ਦੀ ਤਕਰੀਬਨ ਡੇਢ ਕੁ ਸਾਲ ਪਹਿਲਾਂ ਮੌਤ ਹੋ ਗਈ ਸੀ ਦੇ ਭਰਾਵਾਂ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਆਗੂਆਂ ਖਾਸ ਕਰਕੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਰੋਟੀ ਰੋਜ਼ੀ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਤਾਂ ਕਿ ਉਹ ਰਹਿੰਦੀ ਜ਼ਿੰਦਗੀ ਨੂੰ ਜੰਗੀ ਤਰ੍ਹਾਂ ਜਿਊ ਸਕਣ।
ਇਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਇਹਨਾਂ ਵਿਚਾਰਿਆਂ ਦੀ ਮਾਂ ਪ੍ਰੀਤਮ ਕੌਰ ਤੇ ਬਾਪ ਗੁਰਦੀਪ ਸਿੰਘ ਵੀ ਦਸ ਕੁ ਸਾਲ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਅੱਖਾਂ ਤੋਂ ਅੰਨ੍ਹਿਆਂ ਇਹਨਾਂ ਦੋਹਾਂ ਨੇਤਰਹੀਣਾਂ ਪ੍ਰੇਮ ਸਿੰਘ ਤੇ ਸੁਖਰਾਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਵੀ ਸਰਕਾਰ ਨੇ ਇਸ ਨੇਤਰਹੀਣ ਪਰਿਵਾਰ ਦੀ ਸਾਰ ਨਹੀਂ ਲਈ। ਇਸ ਲਈ ਪਿੰਡ ਵਡਾਲਾ ਜੌਹਲ ਦੇ ਸੰਮੂਹ ਵਾਸੀਆਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਹਨਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਕਿਉਂਕਿ ਸਰਕਾਰਾਂ ਸਭ ਕੁਝ ਕਰ ਸਕਦੀਆਂ ਹਨ। ਇਥੇ ਗੱਲ ਵੀ ਵਰਨਣਯੋਗ ਹੈ ਕਿ ਜੇ ਪ੍ਰਮਾਤਮਾ ਨੇ ਇਹਨਾਂ ਨੂੰ ਅੱਖਾਂ ਨਹੀਂ ਦਿੱਤੀਆਂ ਤਾਂ ਉਹਨਾਂ ਨੂੰ ਹਰਮੋਨੀਅਮ ਵਜਾਉਣ ਤੇ ਢੋਲਕੀ ਵਜਾਉਣ ਦਾ ਗੁਣ ਦਿੱਤਾ ਹੈ ਤੇ ਇਸੇ ਹੀ ਗੁਣ ਕਾਰਨ ਪਿੰਡ ਵਿੱਚ ਕਿਸੇ ਵੀ ਘਰ ਕੋਈ ਵੀ ਧਾਰਮਿਕ ਸਮਾਗਮ ਹੋਣ ਮੌਕੇ ਇਹਨਾਂ ਨੇਤਰਹੀਣ ਬੱਚਿਆਂ ਨੂੰ ਕੋਈ ਸ਼ਬਦ, ਮਾਤਾ ਦੀਆਂ ਭੇਟਾਂ ਗਾਇਨ ਕਰਨ ਲਈ ਬੁਲਾਵਾ ਦਿੰਦੇ ਹਨ ਤੇ ਇਸ ਮੌਕੇ ਤੇ ਆਏ ਹੋਏ ਸਾਰੇ ਹੀ ਮਹਿਮਾਨ ਇਹਨਾਂ ਨੂੰ ਦਸ – ਦਸ ਵੀਹ – ਵੀਹ ਰੁਪਏ ਦਿੰਦੇ ਹਨ ਤੇ ਇਹ ਹੀ ਦਿੱਤਾ ਗਿਆ ਦਾਨ ਇਹਨਾਂ ਦੀ ਮਾੜੀ ਮੋਟੀ ਰੋਜ਼ੀ ਦਾ ਸਾਧਨ ਹੈ।
ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਦੋਵੇਂ ਭਰਾ ਇਕੱਲੇ ਕਿਤੇ ਵੀ ਨਹੀਂ ਜਾ ਸਕਦੇ ਤੇ ਲਾਗੇ ਬੰਨੇ ਜਾਣ ਲਈ ਇਹਨਾਂ ਨੂੰ ਕਿਸੇ ਨਾ ਕਿਸੇ ਵਿਆਕਤੀ ਦਾ ਸਹਾਰਾ ਲੈਣਾ ਪੈਂਦਾ ਹੈ। ਉਹਨਾਂ ਕਿਹਾ ਕਿ ਘਰ ਵਿੱਚ ਕਿਸੇ ਵੀ ਵਿਅਕਤੀ ਜਾਂ ਔਰਤ ਨੂੰ ਜਦੋਂ ਇਹਨਾਂ ਦਾ ਖਾਣਾ ਬਣਾਉਣ ਆਉਂਦਾ ਹੈ ਤੇ ਉਹ ਬੋਝ ਇਹਨਾਂ ਨੇਤਰਹੀਣ ਬੱਚਿਆਂ ਨੂੰ ਹੀ ਸਹਿਣ ਕਰਨਾ ਪੈਂਦਾ ਹੈ ਕਿਉਂਕਿ ਜੇ ਕੋਈ ਵੀ ਰਿਸ਼ਤੇਦਾਰ ਇਹਨਾਂ ਕੋਲ ਪੱਕਾ ਰਹਿੰਦਾ ਹੈ ਤਾਂ ਉਹਨਾਂ ਦਾ ਖਰਚਾ ਵੀ ਝੱਲਣਾ ਪੈਂਦਾ ਹੈ ਇਸ ਨੇਤਰਹੀਣ ਪਰਿਵਾਰ ਨੂੰ ਜੋ ਇਹਨਾਂ ਦੀ ਮਜਬੂਰੀ ਹੈ। ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਦੋ ਕੁ ਮਹੀਨੇ ਪਹਿਲਾਂ ਇਸ ਰੱਬ ਦੇ ਮਾਰੇ ਪਰਿਵਾਰ ਨੂੰ ਬਿਜਲੀ ਦਾ ਘਰੇਲੂ ਬਿੱਲ 12,000 ਰੁਪਏ ਆਇਆ ਸੀ ਜੋ ਇਸੇ ਹੀ ਪਿੰਡ ਦੇ ਸਾਬਕਾ ਡੀਐਸਪੀ ਸਵਿੰਦਰ ਸਿੰਘ ਜੌਹਲ ਨੇ ਤਾਰ ਦਿੱਤਾ ਹੈ, ਜਿਸ ਲਈ ਇਸ ਪਰਿਵਾਰ ਨੇ ਉਸ ਦਾਨੀ ਡੀਐਸਪੀ ਦਾ ਧੰਨਵਾਦ ਵੀ ਕੀਤਾ।