ਅੰਮਿ੍ਤਸਰ, 14 ਅਗਸਤ (ਸੁਖਵਿੰਦਰ ਬਾਵਾ) : ਬਾਬਾ ਬਕਾਲਾ ਸਾਹਿਬ ਦੀ ਇਤਿਹਾਸਕ ਧਰਤੀ ਵਿਖੇ ਹਰ ਸਾਲ ਦੀ ਤਰਾਂ ਰੱਖੜ ਪੁੰਨਿਆ ਦੇ ਮੌਕੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਵਿਧਾਇਕ ਸ: ਦਲਬੀਰ ਸਿੰਘ ਟੌਂਗ ਨੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨਾਲ ਮਿਲ ਕੇ ਸਮਾਗਮ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਮੁੱਖ ਮੰਤਰੀ ਨੂੰ ਰੱਖੜ ਪੁੰਨਿਆ ਤੇ ਪਹੁੰਚਣ ਦਾ ਸੱਦਾ ਦਿੱਤਾ। ਉਨਾਂ ਦੱਸਿਆ ਕਿ ਰਾਜ ਪੱਧਰੀ ਸਮਾਗਮ 19 ਅਗਸਤ ਨੂੰ ਸਰਕਾਰੀ ਆਈ ਟੀ ਆਈ ਵਿੱਚ ਕਰਵਾਇਆ ਜਾਵੇਗਾ, ਜਿਸ ਵਿੱਚ ਮੁੱਖ ਮੰਤਰੀ ਸ ਭਗਵੰਤ ਮਾਨ ਵਿਸੇਸ ਤੌਰ ਉਤੇ ਸ਼ਿਰਕਤ ਕਰਨਗੇ। ਉਨ੍ਹਾਂ ਤੋਂ ਇਲਾਵਾ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਸਾਹਿਬਾਨ ਵੀ ਸਮਾਗਮ ਵਿੱਚ ਹਾਜ਼ਰ ਹੋਣਗੇ।
ਹਲਕਾ ਵਿਧਾਇਕ ਸ: ਦਲਬੀਰ ਸਿੰਘ ਟੌਂਗ ਮੁੱਖ ਮੰਤਰੀ ਪੰਜਾਬ ਨਾਲ ਸਮਾਗਮ ਸਬੰਧੀ ਮੀਟਿੰਗ ਕਰਦੇ ਹੋਏ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸ.ਡੀ.ਐਮ. ਬਾਬਾ ਬਕਾਲਾ ਸ: ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਇਸ ਮੌਕੇ ਮੇਲੇ ਲਈ ਆਉਣ ਵਾਲੀਆਂ ਸਾਰੀਆਂ ਸੰਪਰਕ ਸੜਕਾਂ ਦੀ ਮੁਰੰਮਤ ਕਰਨ, ਸੜਕਾਂ ਦੁਆਲਿਆਂ ਘਾਹ-ਬੂਟੀ ਵੱਢਣ, ਗਲੀਆਂ ਤੇ ਸੜਕਾਂ ਦੀ ਸਫਾਈ, ਵੱਖ-ਵੱਖ ਸੜਕਾਂ ‘ਤੇ ਵੱਡੀਆਂ ਪਾਰਕਿੰਗ ਬਨਾਉਣ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ, ਡਾਕਟਰੀ ਸਹਾਇਤਾ ਲਈ ਟੀਮਾਂ ਤਾਇਨਾਤ ਕਰਨ, ਮੱਛਰ ਮਾਰ ਦਵਾਈ ਦੀ ਸਪਰੇਅ ਕਰਵਾਉਣ, ਨਿਰੰਤਰ ਬਿਜਲੀ ਸਪਲਾਈ ਚਾਲੂ ਰੱਖਣ ਅਤੇ ਮੇਲੇ ਮੌਕੇ ਵਹੀਕਲਾਂ ਦੀ ਆਵਾਜਾਈ ਨਿਯਮਤ ਕਰਨ ਲਈ ਪਾਰਟੀ ਕਰਮਚਾਰੀਆਂ ਨੂੰ ਅੱਗੇ ਹੋ ਕੇ ਸੇਵਾ ਕਰਨ ਲਈ ਕਿਹਾ ਗਿਆ ਹੈ।
ਐਸ.ਡੀ.ਐਮ. ਬਾਬਾ ਬਕਾਲਾ ਸ: ਰਵਿੰਦਰ ਸਿੰਘ ਅਰੋੜਾ
ਉਨਾਂ ਕਿਹਾ ਕਿ ਮੇਲੇ ਮੌਕੇ ਸੰਗਤ ਨੂੰ ਕਿਸੇ ਤਰਾਂ ਦੀ ਮੁਸ਼ਿਕਲ ਨਹੀਂ ਆਉਣ ਦਿੱਤੀ ਜਾਵੇ। ਉਨਾਂ ਦੱਸਿਆ ਕਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਦਾ ਪ੍ਰਬੰਧ ਤੇਜੀ ਨਾਲ ਚਲ ਰਿਹਾ ਹੈ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਲਗਾ ਦਿੱਤੀਆਂ ਗਈਆਂ ਹਨ।