ਬਠਿੰਡਾ, 01 ਅਕਤੂਬਰ (ਬਿਊਰੋ) : ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ‘ਚ 15 ਦਿਨ ਦੇ ਅੰਦਰ ਟਰਾਂਸਪੋਰਟ ਮਾਫੀਆ ਖ਼ਤਮ ਕੀਤਾ ਜਾਏਗਾ। ਜੋ ਕੰਮ ਪਿੱਛਲੇ 15 ਸਾਲ ‘ਚ ਨਹੀਂ ਹੋਇਆ, ਉਹ ਕੀਤਾ ਜਾਏਗਾ। ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਪਹਿਲੀ ਵਾਰ ਮੁਨਾਫਾ ਕਮਾਏਗੀ।ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿਖਾਏ ਤਿੱਖੇ ਤੇਵਰਾਂ ਤੋਂ ਬਾਅਦ PRTC ਪ੍ਰਬੰਧਕਾਂ ਨੇ ਧਨਾਢ ਘਰਾਣਿਆਂ ਵੱਲੋਂ ਬੱਸ ਅੱਡੇ ’ਚ ਰੱਖੇ ਉਹ ਖੋਖੇ ਰਾਤੋ ਰਾਤ ਹਟਾ ਦਿੱਤੇ ਹਨ ਜੋ ਪਿਛਲੇ ਕਈ ਵਰਿ੍ਹਆਂ ਤੋਂ ਅਧਿਕਾਰੀਆਂ ਲਈ ਪਹਾੜ ਬਣੇ ਹੋਏ ਸਨ। ਮਹੱਤਵਪੂਰਨ ਤੱਥ ਹੈ ਕਿ ਆਪਣੇ ਦਾਅਵਿਆਂ ਅਤੇ ਵਾਅਦਿਆਂ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਰਾਜ ’ਚ ਇੰਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਕੀਤਾ ਜਾ ਸਕਿਆ ਸੀ।
ਅੱਜ ਤਾਂ ਬਠਿੰਡਾ ਦੇ ਬੱਸ ਅੱਡੇ ’ਚ ਸਵਾਰੀਆਂ ਨੂੰ ਅਵਾਜ਼ਾਂ ਮਾਰ ਰਹੇ ਕਈ ਕੰਡਕਟਰਾਂ ਅਤੇ ਡਰਾਈਵਰਾਂ ਨੇ ਵੀ ਇਹੋ ਆਖਿਆ ਕਿ ‘ਕੱਲ੍ਹ ਨੂੰ ਭਾਵੇਂ ਕੁੱਝ ਵੀ ਹੋ ਜਾਏ ਪਰ ਇੱਕ ਵਾਰ ਤਾਂ ਰਾਜਾ ਵੜਿੰਗ ਨੇ ਉਹ ਕਰ ਦਿਖਾਇਆ ਹੈ ਜਿਸ ਨੂੰ ਕੈਪਟਨ ਸਰਕਾਰ ਕਰਨਾ ਤਾਂ ਦੂਰ ਝਾਕਣ ਦੀ ਹਿੰਮਤ ਵੀ ਨਹੀਂ ਕਰ ਸਕੀ ਸੀ। ਮੁਲਾਜਮ ਆਖਦੇ ਹਨ ਕਿ ਅਧਿਕਾਰੀਆਂ ਖੱਲੋਂ ਦੇਰ ਨਾਲ ਲਿਆ ਇਹ ਵਧੀਆ ਫੈਸਲਾ ਹੈ।
ਸੂਤਰ ਦੱਸਦੇ ਹਨ ਕਿ ਇੱਕ ਵੱਡੇ ਘਰਾਣੇ ਦੀ ਟਰਾਂਸਪੋਰਟ ਕੰਪਨੀ ਨੇ ਖੋਖਾ ਰੱਖਿਆ ਸੀ ਜਿਸ ਦਾ ਮਸਾਂ ਇੱਕ ਹਜਾਰ ਕਿਰਾਇਆ ਅਤੇ 500 ਰੁਪਿਆ ਬਿਜਲੀ ਦਾ ਬਿੱਲ ਉੱਕਾ ਪੁੱਕਾ ਦਿੱਤਾ ਜਾਂਦਾ ਸੀ। ਰੌਲ ਪੈਣ ਤੇ ਕਈ ਵਰ੍ਹੇ ਪਹਿਲਾਂ ਬਠਿੰਡਾ ਡਿੱਪੂ ਦੇ ਪ੍ਰਬੰਧਕਾਂ ਨੇ ਇੰਨ੍ਹਾਂ ਖੋਖਿਆਂ ਨੂੰ ਅਣਅਧਿਕਾਰਕਤ ਕਰਾਰ ਦੇ ਕੇ ਖੋਖੇ ਹਟਾਉਣ ਲਈ ਕਿਹਾ ਸੀ ਪਰ ਕਿਸੇ ਨੇ ਪ੍ਰਵਾਹ ਨਹੀਂ ਕੀਤੀ ਸੀ। ਇੱਕ ਖੋਖੇ ’ਚ ਤਾਂ ਬਕਾਇਦਾ ਕੂਲਰ ਵਗੈਰਾ ਲੱਗਿਆ ਹੋਇਆ ਸੀ ਅਤੇ ਕਰਿੰਦੇ ਬੱਸਾਂ ਦੀ ਮੁਰੰਮਤ ਆਦਿ ਦਾ ਕੰਮ ਵੀ ਕਰਦੇ ਸਨ।
ਇਸੇ ਤਰਾਂ ਹੀ ਦੂਸਰਾ ਖੋਖਾ ਮਿੰਨੀ ਬੱਸ ਆਪਰੇਟਰਾਂ ਦਾ ਸੀ ਜੋ ਬਾਅਦ ’ਚ ਬੰਦ ਕਰ ਦਿੱਤਾ ਗਿਆ ਸੀ। ਪਹਿਲਾਂ ਪਹਿਲ ਇੱਥੇ ਯੂਨੀਅਨ ਮੁਲਾਜਮ ਜੱਥੇਬੰਦੀ ਦੀ ਪਰਚੀ ਵੀ ਕੱਟਦੇ ਰਹੇ ਹਨ। ਬਾਅਦ ’ਚ ਮਿੰਨੀ ਬੱਸ ਆਪਰੇਟਰਾਂ ਦੀਆਂ ਦੋ ਜੱਥੇਬੰਦੀਆਂ ਬਣ ਗਈਆਂ ਤਾਂ ਆਗੂਆਂ ਨੇ ਇੱਥੇ ਜਾਣਾ ਬੰਦ ਕਰ ਦਿੱਤਾ ਪਰ ਖੋਖਾ ਬਰਕਰਾਰ ਰਿਹਾ ਜਿਸ ਨੂੰ ਲੈਕੇ ਪੀ ਆਰ ਟੀ ਸੀ ਦੀਆਂ ਮੁਲਾਜਮ ਜੱਥੇਬੰਦੀਆਂ ਇਤਰਾਜ਼ ਜਤਾਉਂਦੀਆਂ ਸਨ। ਹੁਣ ਜਦੋਂ ਮੰਤਰੀ ਦਾ ਹੁਕਮ ਆ ਗਿਆ ਤਾਂ ਅਫਸਰਾਂ ਨੂੰ ਬਹਾਨਾ ਮਿਲ ਗਿਆ ਅਤੇ ਜੇਸੀਬੀ ਮਸ਼ੀਨਾਂ ਨਾਲ ਦੋਵਾਂ ਖੋਖਿਆਂ ਨੂੰ ਹਟਾ ਦਿੱਤਾ ਗਿਆ। ਮਿੰਨੀ ਬੱਸ ਆਪਰੇਟਰਜ਼ ਯੂਨੀਅਨ ਦੇ ਪ੍ਰਧਾਨ ਬਲਤੇਜ਼ ਸਿੰਘ ਦਾ ਕਹਿਣਾ ਸੀ ਕਿ ਯੂਨੀਅਨ ਨੇ ਸਹਿਮਤੀ ਨਾਲ ਬੱਸ ਅੱਡਾ ਪ੍ਰਸ਼ਾਸ਼ਨ ਨੂੰ ਖੋਖਾ ਚੁਕਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਦੋ ਧਿਰਾਂ ਬਣ ਗਈਆਂ ਤਾਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਿਸੇ ਕਿਸਮ ਦਾ ਵਿਵਾਦ ਬਣਨ ਦੇ ਡਰੋਂ ਖੋਖੇ ਨੂੰ ਜਿੰਦਰਾ ਮਾਰ ਦਿੱਤਾ ਗਿਆ ਸੀ।
ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਬਠਿੰਡਾ ਡਿਪੂ ਦੇ ਜਰਨਲ ਮੈਨੇਜਰ ਰਮਨ ਸ਼ਰਮਾ ਦਾ ਕਹਿਣਾ ਸੀ ਕਿ ਬੀਤੀ ਦੇਰ ਸ਼ਾਮ ਦੋ ਅਣ ਅਧਿਕਾਰਤ ਖੋਖਿਆਂ ਨੂੰ ਹਟਾਇਆ ਗਿਆ ਹੈ ਜਿੰਨ੍ਹਾਂ ਚੋਂ ਇੱਕ ਔਰਬਿਟ ਕੰਪਨੀ ਦਾ ਸੀ ਜਦੋਂਕਿ ਦੂਸਰਾ ਮਿੰਨੀ ਬੱਸਾਂ ਵਾਲਿਆਂ ਨੇ ਆਪਣੇ ਸਟਾਫ ਲਈ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਦੀਪ ਬੱਸ ਕੰਪਨੀ ਵੱਲੋਂ ਰੱਖੇ ਖੋਖੇ ਨੂੰ ਚੁੱਕਣ ਤੇ ਅਦਾਲਤ ਵੱਲੋਂ ਰੋਕ ਲਾਈ ਹੋਈ ਹੈ ਜਿਸ ਨੂੰ ਫਿਲਹਾਲ ਹਟਾਉਣਾ ਮੁਸ਼ਕਲ ਹੈ।