ਚੋਹਲਾ ਸਾਹਿਬ/ਤਰਨਤਾਰਨ,17 ਮਈ (ਨਈਅਰ) : ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂੰ ਨੇ ਮੰਗਲਵਾਰ ਨੂੰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਡ ਖੇਤਰ ਦੇ ਕਿਸਾਨ ਪਹਿਲੀ ਜੂਨ ਤੋਂ ਝੋਨਾ ਲਾਉਣਾ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਮੰਡ ਖੇਤਰ ਦੀ ਜ਼ਮੀਨ ਦਰਿਆ ਦੇ ਕੰਢੇ ਉਪਰ ਹੈ ਅਤੇ ਇੱਥੇ ਪਾਣੀ ਦੀ ਕੋਈ ਸਮੱਸਿਆ ਨਹੀਂ ਹੈ।ਪੰਨੂੰ ਨੇ ਕਿਹਾ ਕਿ ਜੇਕਰ ਕਿਸਾਨ 10 ਜੂਨ ਤੋਂ ਲੇਟ ਝੋਨਾ ਲਾਉਣਗੇ ਤਾਂ ਬਰਸਾਤ ਦੇ ਪਾਣੀ ਦੀ ਆਮਦ ਨਾਲ ਦਰਿਆ ਦਾ ਪਾਣੀ ਝੋਨੇ ਦੀ ਸਾਰੀ ਫ਼ਸਲ ਨੂੰ ਡੁਬੋ ਕੇ ਬਰਬਾਦ ਕਰ ਦੇਂਦਾ ਹੈ।ਕਿਸਾਨ ਪਹਿਲਾਂ ਹੀ ਕਰਜ਼ੇ ਦੇ ਝੰਬੇ ਹੋਏ ਹਨ।
ਉਨ੍ਹਾਂ ਕਿਹਾ ਕਿ ਪਹਿਲੀ ਜੂਨ ਦਾ ਲੱਗਾ ਝੋਨਾ ਦਰਿਆ ਦੇ ਪਾਣੀ ਚੜ੍ਹਨ ਤੋਂ ਪਹਿਲਾਂ ਪੱਕ ਜਾਂਦਾ ਹੈ ਅਤੇ ਕਿਸਾਨਾਂ ਦੇ ਪੱਲੇ ਵੀ ਕੁਝ ਪੈ ਜਾਂਦਾ ਹੈ।ਜਥੇਬੰਦੀ ਦੇ ਸੂਬਾ ਪ੍ਰਧਾਨ ਪੰਨੂੰ ਨੇ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਵਲੋਂ ਮੰਡ ਖੇਤਰ ਦੇ ਕਿਸਾਨਾਂ ਖਿਲਾਫ਼ ਕੋਈ ਕਾਰਵਾਈ ਕੀਤੀ ਗਈ ਤਾਂ ਕਿਸਾਨ ਜਥੇਬੰਦੀ ਕਿਸਾਨਾਂ ਦਾ ਡੱਟ ਕੇ ਸਾਥ ਦੇਵੇਗੀ।ਇਸ ਮੌਕੇ ਜਥੇਬੰਦੀ ਦੇ ਆਗੂ ਗੁਰਬਚਨ ਸਿੰਘ ਘੜਕਾ,ਸਰਪੰਚ ਮਨਦੀਪ ਸਿੰਘ ਘੜਕਾ,ਬਲਦੇਵ ਸਿੰਘ ਸਰਪੰਚ ਮੁੰਡਾ ਪਿੰਡ,ਵਿਰਸਾ ਸਿੰਘ ਘੜਕਾ,ਕੁਲਦੀਪ ਸਿੰਘ ਪੰਨਗੋਟਾ,ਹਰਪਾਲ ਸਿੰਘ ਘੜਕਾ ਤੇ ਕਰਤਾਰ ਸਿੰਘ ਨੰਦਪੁਰ ਆਦਿ ਹਾਜਰ ਸਨ।