ਮੰਡੀਆਂ ਵਿੱਚ ਹੁਣ ਤਕ ਆਏ ਝੋਨੇ ਵਿਚੋਂ 97 ਫੀਸਦੀ ਝੋਨੇ ਦੀ ਖਰੀਦ ਮੁਕੰਮਲ : ਲਾਲ ਚੰਦ ਕਟਾਰੂਚੱਕ
ਝੋਨੇ ਦੀ ਖਰੀਦ ਅਤੇ ਅਦਾਇਗੀ ਹੋ ਰਹੀ ਹੈ ਇਕ ਦਿਨ ਵਿੱਚ
ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ‘ਤੇ 5500 ਕਰੋੜ ਰੁਪਏ ਕੀਤੇ ਟਰਾਂਸਫਰ
ਜੰਡਿਆਲਾ ਗੁਰੂ, 21 ਅਕਤੂਬਰ (ਕੰਵਲਜੀਤ ਸਿੰਘ) : ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕਰਨ ਦੌਰਾਨ ਦੱਸਿਆ ਕਿ ਸੂਬੇ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਿਰਵਿਘਨ ਚੱਲ ਰਹੀ ਹੈ। ਸ੍ਰੀ ਕਟਾਰੂਚੱਕ ਨੇ ਅੱਜ ਰਈਆ ਅਤੇ ਜੰਡਿਆਲਾ ਗੁਰੂ ਮੰਡੀਆਂ ਦਾ ਦੌਰਾ ਕੀਤਾ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਦੇ ਨਾਲ ਨਾਲ ਕਿਸਾਨਾਂ,ਮਜਦੂਰਾਂ ਅਤੇ ਆੜਤੀਆਂ ਨਾਲ ਵੀ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਕਿਸਾਨ ਕਰਕੇ ਹੈ ਅਤੇ ਇਸ ਸੀਜ਼ਨ ਦੀ ਆਸ ਨਾਲ ਸਾਰਾ ਕਾਰੋਬਾਰ ਚੱਲਦਾ ਹੈ, ਜਿਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਿਰਵਿਘਨ ਖਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਝੋਨੇ ਦੀ ਕੁੱਲ ਆਮਦ 35 ਲੱਖ ਮੀਟਰਕ ਟਨ ਵਿੱਚੋਂ ਲਗਭਗ 33 ਲੱਖ ਮੀਟਿਰਕ ਟਨ ਦੀ ਖਰੀਦ ਅਤੇ 12 ਲੱਖ ਮੀਟਰਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ ਹਰ ਦਿਨ ਲਗਭਗ 1-1.5 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋ ਰਹੀ ਹੈ ਅਤੇ ਦਿਨ ਦੇ ਅੰਤ ਤੱਕ ਮੰਡੀ ਵਿੱਚ ਆਏ ਲਗਭਗ ਸਾਰੇ ਝੋਨੇ ਖਰੀਦ ਕਰ ਲਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਆਏ ਝੋਨੇ ਦੀ ਖਰੀਦ ਦਾ ਸਮਾਂ ਇਕ ਦਿਨ ਤੋਂ ਵੀ ਘੱਟ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੂਬੇ ਦੀਆਂ ਜ਼ਿਆਦਾਤਰ ਮੰਡੀਆਂ ਵਿੱਚ ਝੋਨੇ ਦੀ ਆਮਦ ਵਾਲੇ ਦਿਨ ਹੀ ਝੋਨੇ ਦੀ ਸਫ਼ਾਈ ਅਤੇ ਖਰੀਦ ਕੀਤੀ ਜਾ ਰਹੀ ਹੈ ਅਤੇ 24 ਘੰਟਿਆਂ ਵਿੱਚ ਅਦਾਇਗੀ ਵੀ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਲਗਭਗ 5500 ਕਰੋੜ ਰੁਪਏ ਸਿੱਧੇ ਤੌਰ ‘ਤੇ ਟਰਾਂਸਫਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਸਾਨਾਂ ਵੱਲੋਂ ਆਪਣੇ ਖੂਨ-ਪਸੀਨੇ ਅਤੇ ਮਿਹਨਤ ਨਾਲ ਪੈਦਾ ਕੀਤੇ ਇੱਕ-ਇੱਕ ਦਾਣੇ ਨੂੰ ਖਰੀਦਣ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਮੌਕੇ ਐਸ ਡੀ ਐਮ ਸ੍ਰੀ ਮਤੀ ਅਲਕਾ ਕਾਲੀਆ, ਚੇਅਰਮੈਨ ਛਨਾਖ ਸਿੰਘ, ਤਹਿਸੀਲਦਾਰ ਜਗਸੀਰ ਸਿੰਘ, ਜਿਲਾ ਮੰਡੀ ਅਫਸਰ ਅਮਨਦੀਪ ਸਿੰਘ, ਡੀ ਐਫ ਐਸ ਸੀ ਅਮਨਜੀਤ ਸਿੰਘ ,ਸਤਿੰਦਰ ਸਿੰਘ ,ਸੁਖਵਿੰਦਰ ਸਿੰਘ ,ਨਰੇਸ਼ ਪਾਠਕ ਸਰਬਜੀਤ ਸਿੰਘ ਡਿੰਪੀਅਤੇ ਹੋਰ ਅਹੁਦੇਦਾਰ ਹਾਜ਼ਰ ਸਨ।