ਗੁਰਦੁਆਰਾ ਸਾਹਿਬ ਵਿਖੇ ਅਚਾਨਕ ਲੈਂਟਰ ਡਿੱਗ ਜਾਣ ਨਾਲ ਦੋ ਮਜ਼ਦੂਰਾਂ ਦੀ ਹੋਈ ਸੀ ਦਰਦਨਾਕ ਮੌਤ
ਚੋਹਲਾ ਸਾਹਿਬ/ਤਰਨਤਾਰਨ,26 ਮਈ (ਨਈਅਰ) : ਇਥੋਂ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪਿਛਲੇ ਦਿਨੀਂ ਨਵੇਂ ਬਣ ਰਹੇ ਕਮਰਿਆਂ ‘ਤੇ ਪਾਇਆ ਜਾ ਰਿਹਾ ਲੈਂਟਰ ਅਚਾਨਕ ਡਿੱਗ ਜਾਣ ਨਾਲ ਵਾਪਰੇ ਦਰਦਨਾਕ ਹਾਦਸੇ ਵਿੱਚ ਕੰਮ ਕਰ ਰਹੇ ਦੋ ਮਜ਼ਦੂਰਾਂ ਸਾਹਿਬ ਸਿੰਘ ਪੁੱਤਰ ਸੱਜਣ ਸਿੰਘ ਅਤੇ ਗੁਰਮੇਜ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਚੋਹਲਾ ਸਾਹਿਬ ਦੀ ਲੈਂਟਰ ਹੇਠਾਂ ਆ ਜਾਣ ਕਰਕੇ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਦਿੰਦੇ ਹੋਏ ਜਥੇ.ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਐਸ.ਜੀ.ਪੀ.ਸੀ।
ਦੋਹਾਂ ਮ੍ਰਿਤਕ ਮਜ਼ਦੂਰਾਂ ਦੇ ਭੋਗ ਸਮਾਗਮ ਮੌਕੇ ਪੁੱਜੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਐਸ.ਜੀ.ਪੀ.ਸੀ ਵਲੋਂ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਸੀ,ਜਿਸਦੇ ਚੱਲਦੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਵਲੋਂ ਅੱਜ ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਗਏ ਕ੍ਰਮਵਾਰ ਇੱਕ-ਇੱਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ।ਇਸ ਮੌਕੇ ਗੱਲਬਾਤ ਕਰਦਿਆਂ ਜਥੇ.ਗੁਰਬਚਨ ਸਿੰਘ ਕਰਮੂੰਵਾਲਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋੜਵੰਦ ਪਰਿਵਾਰਾਂ ਦੀ ਆਰਥਿਕ ਸਹਾਇਤਾ ਲਈ ਹਮੇਸ਼ਾ ਅੱਗੇ ਹੋ ਕੇ ਕੰਮ ਕਰਦੀ ਹੈ।ਉਨ੍ਹਾਂ ਕਿਹਾ ਕਿ ਦੋਹੇਂ ਮ੍ਰਿਤਕ ਮਜ਼ਦੂਰ ਬਹੁਤ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਸਨ,ਜਿੰਨਾ ਦੀ ਹੋਈ ਅਚਾਨਕ ਦਰਦਨਾਕ ਮੌਤ ਨਾਲ ਪਰਿਵਾਰਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਮੌਕੇ ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰਥਿਕ ਸਹਾਇਤਾ ਰਾਸ਼ੀ ਮਿਲਣ ‘ਤੇ ਜਥੇ.ਗੁਰਬਚਨ ਸਿੰਘ ਕਰਮੂੰਵਾਲਾ ਦਾ ਧੰਨਵਾਦ ਕੀਤਾ।ਇਸ ਮੌਕੇ ਸੀਨੀਅਰ ਅਕਾਲੀ ਆਗੂ ਜਥੇ.ਮਨਜੀਤ ਸਿੰਘ ਪੱਖੋਪੁਰ,ਇੰਦਰਜੀਤ ਸਿੰਘ ਸਾਬਕਾ ਸਰਪੰਚ ਕਰਮੂੰਵਾਲਾ,ਸੀਨੀਅਰ ਅਕਾਲੀ ਆਗੂ ਦਇਆ ਸਿੰਘ ਚੋਹਲਾ ਖੁਰਦ, ਸਵਿੰਦਰ ਸਿੰਘ ਪ੍ਰਧਾਨ ਕਰਮੂੰਵਾਲਾ,ਸੁਖਚੈਨ ਸਿੰਘ ਰੰਧਾਵਾ ਕਰਮੂੰਵਾਲਾ,ਹਰਜੀਤ ਸਿੰਘ ਮੁਨੀਮ,ਭੁਪਿੰਦਰ ਸਿੰਘ ਸਰਹਾਲੀ ਆਦਿ ਹਾਜ਼ਰ ਸਨ।