ਪਟਿਆਲਾ 30 ਦਸੰਬਰ (ਕਿ੍ਸ਼ਨ ਗਿਰ) : ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ, ਪੰਜਾਬ (ਏਡੀਡ ਅਤੇ ਅਨਏਡੀਡ) ਦੇ ਨਿਰਦੇਸ਼ਾਂ ਤਹਿਤ ਅਨਿਸ਼ਚਿਤਕਾਲ ਧਰਨੇ ਅਧੀਨ ਅੱਜ ਮਿਤੀ 30-12-2021 ਨੂੰ ਸਥਾਨਕ ਮੋਦੀ ਕਾਲਜ ਪਟਿਆਲਾ ਵਿਖੇ ਨਾਨ-ਟੀਚਿੰਗ ਅਤੇ ਟੀਚਿੰਗ ਸਟਾਫ਼ ਨੇ ਹੜਤਾਲ ਕੀਤੀ ਗਈ ਅਤੇ 10:00 ਵਜੇ ਤੋਂ 2:00 ਵਜੇ ਤੱਕ ਕਾਲਜ ਵਿਖੇ ਧਰਨਾ ਦਿੱਤਾ ਗਿਆ, ਇਸ ਧਰਨੇ ਵਿੱਚ ਪਟਿਆਲਾ ਅਤੇ ਫਤਿਹਗੜ੍ਹ ਜ਼ਿਲ੍ਹਾ ਦੇ ਪ੍ਰਾਈਵੇਟ ਕਾਲਜਾਂ ਦੇ ਅਧਿਆਪਕ ਵੀ ਸ਼ਾਮਲ ਹੋਏ। ਜਿਸ ਵਿੱਚ ਗ਼ੈਰ-ਸਰਕਾਰੀ ਪ੍ਰਾਈਵੇਟ ਕਾਲਜਾਂ ਦੇ ਨਾਨ ਟੀਚਿੰਗ ਨਵੀਆਂ ਗ੍ਰੇਡ ਪੇ ਲਾਗੂ ਕਰਨ ਬਾਰੇ, ਸੋਧਿਆ ਮਕਾਨ ਭੱਤਾ ਅਤੇ ਮੈਡੀਕਲ ਭੱਤਾ ਲਾਗੂ ਕਰਨ ਬਾਰੇ, ਨਾਨ-ਟੀਚਿੰਗ ਸਟਾਫ਼ ਦੀਆਂ ਸਾਰੀਆਂ ਪੋਸਟਾਂ ਅਤੇ ਛੇਵਾਂ ਪੇ ਕਮੀਸ਼ਨ ਲਾਗੂ ਨਾ ਹੋਣ ਬਾਰੇ ਅਨੇਕ ਮੰਗਾਂ ਪੂਰੀਆਂ ਨਾ ਹੋਣ ਕਾਰਨ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ਼ ਦਾ ਪ੍ਰਗਟਾਵਾ ਕਰਦੇ ਹੋਏ ਨਾਰੇ ਲਾਏ ਗਏ ਅਤੇ ਸਟੇ-ਇੰਨ ਸਟ੍ਰਾਈਕ ਕੀਤੀ ਗਈ।
ਸ੍ਰੀ ਅਜੇ ਕੁਮਾਰ ਗੁਪਤਾ, ਪ੍ਰੈਸ-ਸਕੱਤਰ, ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਪ੍ਰਾਈਵੇਟ ਕਾਲਜਾਂ ਦਾ ਨਾਨ-ਟੀਚਿੰਗ ਸਟਾਫ਼ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਆਪਣੀਆਂ ਮੰਗਾਂ ਦੀ ਪੂਰਤੀ ਦੇ ਲਈ ਅਨਿਸ਼ਚਿਤ ਕਾਲ ਹੜ੍ਹਤਾਲ ਅਤੇ ਸੰਘਰਸ਼ ਕਰ ਰਿਹਾ ਹੈ ਪਰ ਪੰਜਾਬ ਸਰਕਾਰ ਵੱਲੋਂ ਨਾਨ-ਟੀਚਿੰਗ ਦੀਆਂ ਮੰਗਾਂ ਦੀ ਪੂਰਤੀ ਦੇ ਲਈ ਕੋਈ ਫੈਸਲਾ ਨਹੀਂ ਲਿੱਤਾ ਗਿਆ ਜੋ ਕਿ ਬਹੁਤ ਮੰਦਭਾਗਾ ਹੈ। ੳਨ੍ਹਾਂ ਨੇ ਕਿਹਾ ਇੱਕ ਪਾਸੇ ਸਰਕਾਰ ਰੋਜ਼ਾਨਾ ਧੜਾ-ਧੜ ਐਲਾਨ ਅਤੇ ਫੈਸਲੇ ਕਰ ਰਹੀ ਹੈ ਅਤੇ ਦੂਜੇ ਪਾਸੇ 136 ਸਰਕਾਰੀ ਏਡਿਡ ਕਾਲਜਾਂ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਅਨਿਸ਼ਚਿਤ ਕਾਲ ਹੜਤਾਲ ਤੇ ਬੈਠ ਹੈ ਜਿਸ ਨਾਲ ਕਾਲਜਾਂ ਦਾ ਅਕਾਦਮਿਕ ਮਾਹੌਲ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਯੂਨੀਵਰਸਿਟੀ ਵੱਲੋਂ ਸਮੈਸਟਰ ਪਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਪਰ ਅਨ੍ਹੀ-ਬੌਲੀ ਸਰਕਾਰ ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਮਿਤੀ 1 ਜਨਵਰੀ, 2022 ਨੂੰ ਹੋਣ ਵਾਲੀ ਕੈਬੀਨੇਟ ਮੀਟਿੰਗ ਵਿੱਚ ਪ੍ਰਾਈਵੇਟ ਏਡਿਡ ਕਾਲਜਾਂ ਵਿੱਚ ਕੰਮ ਕਰਦੇ ਨਾਨ-ਟੀਚਿੰਗ ਅਤੇ ਟੀਚਿੰਗ ਸਟਾਫ਼ ਦੀਆਂ ਮੰਗਾਂ ਨੂੰ ਏਜੰਡੇ ਵਿੱਚ ਰੱਖ ਕੇ ਇਸ ਨੂੰ ਲਾਗੂ ਕੀਤਾ ਜਾਵੇ ਤਾਂ ਜੋ ਕਾਲਜਾਂ ਵਿੱਚ ਸੁਹਾਰਦ ਦਾ ਵਾਤਾਵਰਨ ਪੈਦਾ ਹੋ ਸਕੇ।
ਧਰਨੇ ਨੂੰ ਸੰਬੋਧਿਤ ਹੁੰਦੇ ਹੋਏ ਸ. ਰਾਜਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਸਕੱਤਰ ਟੀਚਿੰਗ ਯੂਨੀਅਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਰੇ ਰਾਜਾਂ ਵਿੱਚ ਯੂ.ਜੀ.ਸੀ. ਪੇ ਸਕੇਲ ਅਨੁਸਾਰ ਸੱਤਵਾਂ ਪੇ-ਕਮੀਸ਼ਨ ਲਾਗੂ ਕਰ ਦਿੱਤਾ ਗਿਆ ਹੈ ਪਰ ਪੰਜਾਬ ਸਰਕਾਰ ਇਸ ਨੂੰ ਲਾਗੂ ਕਰਨ ਵਿੱਚ ਆਪਣੇ ਪੈਰ ਪਿਛਾਂ ਵੱਲ ਖਿੱਚ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਸੱਤਵਾਂ ਪੇ-ਕਮੀਸ਼ਨ ਤਾਂ ਕੀ ਲਾਗੂ ਕਰਨਾ ਸੀ, ਸਗੋਂ ਸਰਕਾਰ ਯੂ.ਜੀ.ਸੀ. ਤੋਂ ਆਪਣੇ ਆਪ ਨੂੰ ਡੀ-ਲਿੰਕ ਕਰ ਹੀ ਹੈ ਜੋ ਕਿ ਪੰਜਾਬ ਵਿੱਚ ਉੱਚੇਰੀ ਸਿੱਖਿਆ ਦੇ ਲਈ ਬਹੁਤ ਘਾਤਕ ਸਿੱਧ ਹੋਵੇਗਾ। ਉਨ੍ਹਾਂ ਤੋਂ ਇਲਾਵਾ ਖਾਲਸਾ ਕਾਲਜ, ਪਟਿਆਲਾ ਤੋਂ ਡਾ. ਸਰਬਜੀਤ ਸਿੰਘ ਨੇ ਧਰਨੇ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਕਿਉਂਕਿ ਕਿਸੇ ਵੇਲੇ ਵੀ ਚੋਣ ਜਾਬਤਾ ਲੱਗ ਸਕਦਾ ਹੈ ਅਤੇ ਸਾਨੂੰ ਆਪਣੇ ਸੰਘਰਸ਼ ਨੂੰ ਚਰਮ ਸੀਮਾਂ ਤੇ ਲੈ ਕੇ ਜਾਣਾ ਪਵੇਗਾ ਤਾਂ ਜੋ ਸਰਕਾਰ ਸਾਡੀਆਂ ਜਾਇਜ ਮੰਗਾਂ ਨੂੰ ਮਨਣ ਲਈ ਮਜਬੂਰ ਹੋ ਜਾਵੇ।
ਮੋਦੀ ਕਾਲਜ ਨਾਨ-ਟੀਚਿੰਗ ਇੰਪਲਾਇਗ਼ ਯੂਨੀਅਨ ਦੇ ਸਕੱਤਰ ਸ੍ਰੀ ਵਿਨੋਦ ਸ਼ਰਮਾ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਇਹ ਸਰਕਾਰ ਗਰੀਬ ਅਤੇ ਆਮ ਵਿਅਕਤੀਆਂ ਦੀ ਸਰਕਾਰ ਹੈ ਅਤੇ ਦੂਜੇ ਪਾਸੇ ਪ੍ਰਾਈਵੇਟ ਕਾਲਜਾਂ ਵਿੱਚ ਕੰਮ ਕਰਦੇ ਗਰੀਬ ਮੁਲਾਜ਼ਮਾਂ ਜਿਸ ਵਿੱਚ ਸੇਵਾਦਾਰ, ਮਾਲੀ, ਸਫ਼ਾਈ ਸੇਵਕ, ਚੌਕੀਦਾਰ, ਅਟੈਂਡੈਂਟ ਅਤੇ ਕਲਰਕ ਆਦਿ ਨੂੰ ਛੇਵੇਂ ਪੇ ਕਮੀਸ਼ਨ ਤੋਂ ਵਾਂਝਾ ਰੱਖਿਆ ਅਤੇ ਪੰਜਵਾਂ ਪੇ ਕਮਿਸ਼ਨ ਦੀਆਂ ਸਹੂਲਤਾਂ ਨੂੰ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਲਜਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸੋਧੇ ਦਰਾਂ ਨਾਲ ਮਕਾਨ ਭੱਤਾ ਅਤੇ ਮੈਡੀਕਲ ਭੱਤਾ ਦਿੱਤਾ ਜਾ ਰਿਹਾ ਹੈ, ਜਦੋਂ ਕਿ ਨਾਨ ਟੀਚਿੰਗ ਨੂੰ ਇਹ ਪੁਰਾਨੀਆਂ ਦਰਾਂ ਨਾਲ ਹੀ ਦਿੱਤਾ ਜਾ ਰਿਹਾ ਹੈ, ਜੋ ਕਿ ਬਹੁਤ ਵੱਡਾ ਵਿਤਕਰਾ ਹੈ ਕਿਉਂਕਿ ਇੱਕੋ ਹੀ ਸੰਸਥਾਨ ਵਿੱਚ ਦੋ ਅਲੱਗ-ਅਲੱਗ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਲਜਾਂ ਵਿੱਚ ਕੰਮ ਕਰਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੂੰ ਏਕਾ ਦਿਖਾਉਂਦੇ ਹੋਏ ਇਕੱਠੇ ਸੰਘਰਸ਼ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਸਰਕਾਰ ਦੀਆਂ ਵੰਡ-ਪਾਉ ਨੀਤੀਆਂ ਦਾ ਕਰਾਰਾ ਜਵਾਬ ਦੇ ਸਕੀਏ।
ਧਰਨੇ ਦੇ ਅੰਤ ਵਿੱਚ ਮੋਦੀ ਕਾਲਜ ਟੀਚਿੰਗ ਯੂਨੀਅਨ ਦੇ ਜਵਾਇੰਟ ਸਕੱਤਰ ਡਾ. ਅਜੀਤ ਕੁਮਾਰ ਨੇ ਬਾਹਰਲੇ ਕਾਲਜਾਂ ਤੋਂ ਆਏ ਸਾਰੇ ਅਧਿਆਪਕਾਂ ਦਾ ਅਤੇ ਮੋਦੀ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦਾ ਧਰਨੇ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।
ਨਾਨ-ਟੀਚਿੰਗ ਅਮਲੇ ਦੀਆਂ ਮੁੱਖ ਮੰਗਾਂ ਇਸ ਪ੍ਰਕਾਰ ਹਨ:
1. ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਏਡਿਡ ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਲਈ 1-12-2011 ਤੋਂ ਸੋਧੇ ਗ੍ਰੇਡ-ਪੇ ਦੀ ਨੋਟੀਫ਼ਿਕੇਸ਼ਨ ਜਾਰੀ ਕਰਨਾ
2. ਵਧੀ ਹੋਈ ਦਰ ਨਾਲ 1-8-2009 ਤੋਂ 15% ਦੀ ਬਜਾਏ 20% ਹਾਊਸ ਰੈਂਟ ਅਤੇ ਮਡੀਕਲ ਭੱਤਾ 350 ਰੁਪਏ ਤੋਂ ਵਧਾ ਕੇ 500 ਰੁਪਏ ਦੀ ਨੋਟੀਫ਼ਿਕੇਸ਼ਨ ਜਾਰੀ ਕਰਨਾ
3. 1-1-2017 ਤੋਂ 5% ਅੰਤਰਿਕ ਰਾਹਤ ਦਾ ਨੋਟੀਫ਼ਿਕੇਸ਼ਨ ਜਾਰੀ ਕਰਨਾ
4. ਸਰਕਾਰੀ ਮੁਲਾਜ਼ਮਾਂ ਦੀ ਤਰਜ਼ ਤੇ ਪ੍ਰਾਈਵੇਟ ਏਡਿਡ ਕਾਲਜਾਂ ਵਿੱਚ ਵੀ ਛੇਵੇਂ ਪੇ ਕਮਿਸ਼ਨ ਦੀ ਨੋਟੀਫ਼ਿਕੇਸ਼ਨ ਜਾਰੀ ਕਰਨ ਬਾਰੇ
5. ਡੀ.ਏ. ਬਕਾਇਆ ਰਾਸ਼ੀ ਲਈ ਨੋਟੀਫ਼ਿਕੇਸ਼ਨ ਜਾਰੀ ਕਰਨਾ
ਇਸ ਮੌਕੇ ਤੇ ਅਜੇ ਕੁਮਾਰ ਗੁਪਤਾ, ਵਿਨੋਦ ਸ਼ਰਮਾ, ਵੀ.ਪੀ ਸ਼ਰਮਾ, ਸ਼ੈਲੇਂਦਰ ਕੌਰ, ਨੀਨਾ ਸਰੀਨ, ਗੁਰਦੀਪ ਸਿੰਘ, ਅਸ਼ਵਨੀ ਸ਼ਰਮਾ, ਨੀਰਜ ਗੋਇਲ, ਅਜੀਤ ਕੁਮਾਰ, ਗਣੇਸ਼ ਸੇਠੀ, ਹਰਮੋਹਨ ਸ਼ਰਮਾ, ਸੁਮੀਤ ਕੁਮਾਰ, ਰੋਹਿਤ ਸਚਦੇਵਾ, ਪਰਮਿੰਦਰ ਕੌਰ, ਦਵਿੰਦਰ ਸਿੰਘ, ਹਰਨੀਤ ਸਿੰਘ, ਅਜੀਤ ਸਿੰਘ, ਸ਼ਿਵ ਸ਼ੰਕਰ ਮਿਸ਼ਰਾ ਅਤੇ ਬਾਹਰਲੇ ਕਾਲਜਾਂ ਤੋਂ ਆਏ ਅਧਿਆਪਕ ਸਾਹਿਬਾਨ ਵੀ ਸ਼ਾਮਿਲ ਹੋਏ।