ताज़ा खबरपंजाब

ਮੋਦੀ ਕਾਲਜ ਨਾਨ-ਟੀਚਿੰਗ ਇੰਪਲਾਇਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਲਈ ਦਿੱਤਾ ਗਿਆ ਪੰਜਾਬ ਸਰਕਾਰ ਵਿਰੁੱਧ ਅਨਿਸ਼ਚਿਤਕਾਲ ਧਰਨਾ ਅਤੇ ਨਾਰੇਬਾਜ਼ੀ

ਪਟਿਆਲਾ 20 ਦਸੰਬਰ (ਕਿ੍ਸ਼ਨ ਗਿਰ) :ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ, ਪੰਜਾਬ (ਏਡੀਡ ਅਤੇ ਅਨਏਡੀਡ) ਦੇ ਨਿਰਦੇਸ਼ਾਂ ਤਹਿਤ ਅਨਿਸ਼ਚਿਤਕਾਲ ਧਰਨੇ ਅਧੀਨ ਅੱਜ ਮਿਤੀ 20-12-2021 ਨੂੰ ਸਥਾਨਕ ਮੋਦੀ ਕਾਲਜ ਪਟਿਆਲਾ ਵਿਖੇ ਹੜਤਾਲ ਕੀਤੀ ਗਈ ਅਤੇ 10:00 ਵਜੇ ਤੋਂ 2:00 ਵਜੇ ਤੱਕ ਕਾਲਜ ਵਿਖੇ ਧਰਨਾ ਦਿੱਤਾ ਗਿਆ ਜਿਸ ਵਿੱਚ ਗ਼ੈਰ-ਸਰਕਾਰੀ ਪ੍ਰਾਈਵੇਟ ਕਾਲਜਾਂ ਦੇ ਨਾਨ ਟੀਚਿੰਗ ਨਵੀਆਂ ਗ੍ਰੇਡ ਪੇ ਲਾਗੂ ਕਰਨ ਬਾਰੇ, ਸੋਧਿਆ ਮਕਾਨ ਭੱਤਾ ਅਤੇ ਮੈਡੀਕਲ ਭੱਤਾ ਲਾਗੂ ਕਰਨ ਬਾਰੇ, ਨਾਨ-ਟੀਚਿੰਗ ਸਟਾਫ਼ ਦੀਆਂ ਸਾਰੀਆਂ ਪੋਸਟਾਂ ਅਤੇ ਛੇਵਾਂ ਪੇ ਕਮੀਸ਼ਨ ਲਾਗੂ ਨਾ ਹੋਣ ਬਾਰੇ ਅਨੇਕ ਮੰਗਾਂ ਪੂਰੀਆਂ ਨਾ ਹੋਣ ਕਾਰਨ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ਼ ਦਾ ਪ੍ਰਗਟਾਵਾ ਕਰਦੇ ਹੋਏ ਨਾਰੇ ਲਾਏ ਗਏ ਅਤੇ ਸਟੇ-ਇੰਨ ਸਟ੍ਰਾਈਕ ਕੀਤੀ ਗਈ।
ਸ੍ਰੀ ਅਜੇ ਕੁਮਾਰ ਗੁਪਤਾ, ਪ੍ਰੈਸ-ਸਕੱਤਰ, ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਪ੍ਰਾਈਵੇਟ ਕਾਲਜਾਂ ਦਾ ਨਾਨ-ਟੀਚਿੰਗ ਸਟਾਫ਼ ਪਿਛਲੇ ਦੋ ਮਹੀਨੇ ਦੇ ਦੌਰਾਨ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਦਾ ਵਫ਼ਦ ਤਿੰਨ ਵਾਰ ਸਿੱਖਿਆ ਮੰਤਰੀ ਸ. ਪਰਗਟ ਸਿੰਘ ਨੂੰ, ਤਿੰਨ ਵਾਰ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਉਪ-ਮੁੱਖ ਮੰਤਰੀ ਸ੍ਰੀ ਓ.ਪੀ. ਸੋਨੀ ਅਤੇ ਪੰਜਾਬ ਕਾਂਗ੍ਰੇਸ ਦੇ ਪ੍ਰਧਾਨ ਸ੍ਰੀ ਨਵਜੋਤ ਸਿੰਘ ਸਿੱਧੂ ਨਾਲ ਮਿਲ ਚੁੱਕੇ ਹਨ ਅਤੇ ਆਪਣੀਆਂ ਜਾਇਜ਼ ਮੰਗਾਂ ਬਾਰੇ ਉਨ੍ਹਾਂ ਨੂੰ ਵਿਸਥਾਰ ਵਿੱਚ ਚਾਨੰਨ ਪਾ ਚੁੱਕੇ ਹਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਸਬੰਧ ਵਿੱਚ ਕੋਈ ਵੀ ਕਾਰਵਾਈ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਨਹੀਂ ਕੀਤੀ ਗਈ ਹੈ। ਜਿਸ ਵਿੱਚ ਕੇਵਲ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਤੁਹਾਡੀਆਂ ਮੰਗਾਂ ਤੇ ਜਲਦ ਕਾਰਵਾਈ ਕਿੱਤੀ ਜਾਵੇਗੀ, ਜਦੋਂ ਕਿ ਚੋਣ ਜਾਬਤਾ ਲੱਗਣ ਨੂੰ ਥੋੜਾ ਸਮਾਂ ਰਹਿ ਗਿਆ ਹੈ ਅਤੇ ਇਸ ਤੋਂ ਪੰਜਾਬ ਸਰਕਾਰ ਦੀ ਨਿਯਤ ਦਾ ਸਾਫ਼ ਪਤਾ ਲਗਦਾ ਹੈ।

ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਪਿਛਲੇ 20 ਦਿਨ ਤੋਂ ਆਪਣੀਆਂ ਮੰਗਾਂ ਦੇ ਲਈ ਹੜਤਾਲ ਤੇ ਹੈ ਜਿਸ ਨਾਲ ਪੰਜਾਬ ਦੇ 136 ਕਾਲਜਾਂ ਦਾ ਅਕਾਦਮਿਕ ਮਾਹੌਲ ਖਰਾਬ ਹੋ ਰਿਹਾ ਹੈ ਅਤੇ ਕਾਲਜਾਂ ਵਿਦਿਆਰਥੀਆਂ ਨਾਲ ਸਬੰਧਿਤ ਪ੍ਰਬੰਧਕੀ ਕੰਮ ਪੂਰੀ ਤਰ੍ਹਾਂ ਠੱਪ ਪਏ ਹਨ। ਇਸ ਧਰਨੇ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਕਿ ਪੰਜਾਬ ਮੈਨੇਜਮੈਂਟ ਫੈਡਰੇਸ਼ਨ ਦੇ ਪ੍ਰਧਾਨ ਵੱਲੋਂ ਜਾਇਜ ਮੰਗਾਂ ਲਈ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਪੰਜਾਬ ਸਰਕਾਰ ਨਾਲ ਇਸ ਸਬੰਧ ਵਿੱਚ ਤੁਹਾਡੀਆਂ ਮੰਗਾਂ ਬਾਰੇ ਗੱਲ-ਬਾਤ ਕਰਨਗੇ। ਪਰ ਅੰਨ੍ਹੀ ਬੌਲੀ ਸਰਕਾਰ ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ। ਇੱਕ ਪਾਸੇ ਪੰਜਾਬ ਸਰਕਾਰ ਰੋਜ਼ ਗੱਫ਼ੇ ਵੰਡ ਰਹੀ ਹੈ, ਦੂਜੇ ਪਾਸੇ ਪ੍ਰਾਈਵੇਟ ਕਾਲਜਾਂ ਵਿੱਚ ਕੰਮ ਕਰਦੇ ਗਰੀਬ ਨਾਨ-ਟੀਚਿੰਗ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ। ਸ੍ਰੀ ਅਜੇ ਗੁਪਤਾ ਨੇ ਕਿਹਾ ਕਿ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਛੇਵਾਂ ਪੇ ਕਮਿਸ਼ਨ ਤਾਂ ਕੀ ਲਾਗੂ ਕਰਨਾ ਸੀ, ਸਗੋਂ ਪੰਜਵੇ ਪੇ ਕਮੀਨਸ਼ਨ ਵਿੱਚ ਦਿੱਤੇ ਗਏ ਗ੍ਰੇਡ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੇ ਗਏ।
ਮੋਦੀ ਕਾਲਜ ਨਾਨ-ਟੀਚਿੰਗ ਇੰਪਲਾਇਗ਼ ਯੂਨੀਅਨ ਦੇ ਸਕੱਤਰ ਸ੍ਰੀ ਵਿਨੋਦ ਸ਼ਰਮਾ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਇਹ ਸਰਕਾਰ ਗਰੀਬ ਅਤੇ ਆਮ ਵਿਅਕਤੀਆਂ ਦੀ ਸਰਕਾਰ ਹੈ ਅਤੇ ਦੂਜੇ ਪਾਸੇ ਪ੍ਰਾਈਵੇਟ ਕਾਲਜਾਂ ਵਿੱਚ ਕੰਮ ਕਰਦੇ ਗਰੀਬ ਮੁਲਾਜ਼ਮਾਂ ਜਿਸ ਵਿੱਚ ਸੇਵਾਦਾਰ, ਮਾਲੀ, ਸਫ਼ਾਈ ਸੇਵਕ, ਚੌਕੀਦਾਰ, ਅਟੈਂਡੈਂਟ ਅਤੇ ਕਲਰਕ ਆਦਿ ਨੂੰ ਛੇਵੇਂ ਪੇ ਕਮੀਸ਼ਨ ਤੋਂ ਵਾਂਝਾ ਰੱਖਿਆ ਅਤੇ ਪੰਜਵਾਂ ਪੇ ਕਮਿਸ਼ਨ ਦੀਆਂ ਸਹੂਲਤਾਂ ਨੂੰ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਲਜਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸੋਧੇ ਦਰਾਂ ਨਾਲ ਮਕਾਨ ਭੱਤਾ ਅਤੇ ਮੈਡੀਕਲ ਭੱਤਾ ਦਿੱਤਾ ਜਾ ਰਿਹਾ ਹੈ, ਜਦੋਂ ਕਿ ਨਾਨ ਟੀਚਿੰਗ ਨੂੰ ਇਹ ਪੁਰਾਨੀਆਂ ਦਰਾਂ ਨਾਲ ਹੀ ਦਿੱਤਾ ਜਾ ਰਿਹਾ ਹੈ, ਜੋ ਕਿ ਬਹੁਤ ਵੱਡਾ ਵਿਤਕਰਾ ਹੈ ਕਿਉਂਕਿ ਇੱਕੋ ਹੀ ਸੰਸਥਾਨ ਵਿੱਚ ਦੋ ਅਲੱਗ-ਅਲੱਗ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਲਾਗੂ ਨਹੀਂ ਕਰਦੀ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਕਾਲਜਾਂ ਦੇ ਅਕਾਦਮਿਕ ਮਾਹੋਲ ਦੇ ਖਰਾਬ ਹੋਣ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਨਾਨ-ਟੀਚਿੰਗ ਅਮਲੇ ਦੀਆਂ ਮੁੱਖ ਮੰਗਾਂ ਇਸ ਪ੍ਰਕਾਰ ਹਨ:
1. ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਏਡਿਡ ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਲਈ 1-12-2011 ਤੋਂ ਸੋਧੇ ਗ੍ਰੇਡ-ਪੇ ਦੀ ਨੋਟੀਫ਼ਿਕੇਸ਼ਨ ਜਾਰੀ ਕਰਨਾ
2. ਵਧੀ ਹੋਈ ਦਰ ਨਾਲ 1-8-2009 ਤੋਂ 15% ਦੀ ਬਜਾਏ 20% ਹਾਊਸ ਰੈਂਟ ਅਤੇ ਮਡੀਕਲ ਭੱਤਾ 350 ਰੁਪਏ ਤੋਂ ਵਧਾ ਕੇ 500 ਰੁਪਏ ਦੀ ਨੋਟੀਫ਼ਿਕੇਸ਼ਨ ਜਾਰੀ ਕਰਨਾ
3. 1-1-2017 ਤੋਂ 5% ਅੰਤਰਿਕ ਰਾਹਤ ਦਾ ਨੋਟੀਫ਼ਿਕੇਸ਼ਨ ਜਾਰੀ ਕਰਨਾ
4. ਸਰਕਾਰੀ ਮੁਲਾਜ਼ਮਾਂ ਦੀ ਤਰਜ਼ ਤੇ ਪ੍ਰਾਈਵੇਟ ਏਡਿਡ ਕਾਲਜਾਂ ਵਿੱਚ ਵੀ ਛੇਵੇਂ ਪੇ ਕਮਿਸ਼ਨ ਦੀ ਨੋਟੀਫ਼ਿਕੇਸ਼ਨ ਜਾਰੀ ਕਰਨ ਬਾਰੇ
5. ਡੀ.ਏ. ਬਕਾਇਆ ਰਾਸ਼ੀ ਲਈ ਨੋਟੀਫ਼ਿਕੇਸ਼ਨ ਜਾਰੀ ਕਰਨਾ
ਇਸ ਮੌਕੇ ਤੇ ਅਜੇ ਕੁਮਾਰ ਗੁਪਤਾ, ਵਿਨੋਦ ਸ਼ਰਮਾ, ਜਸਵਿੰਦਰ ਸਿੰਘ, ਅਜੀਤ ਸਿੰਘ, ਸ਼ਿਵ ਸ਼ੰਕਰ ਮਿਸ਼ਰਾ, ਵਿਨੋਦ ਕੁਮਾਰ, ਸੁਖਦੇਵ ਰਾਮ, ਰਾਮ ਅਚਲ, ਰਾਜੇਸ਼ ਕੁਮਾਰ, ਨਰਿੰਦਰ ਜੋਸ਼ੀ ਅਤੇ ਹੋਰ ਸਾਰੇ ਨਾਨ-ਟੀਚਿੰਗ ਦੇ ਇੰਪਲਾਇਜ਼ ਸ਼ਾਮਲ ਸਨ।

Related Articles

Leave a Reply

Your email address will not be published.

Back to top button