ਚੋਹਲਾ ਸਾਹਿਬ/ਤਰਨਤਾਰਨ, 03 ਅਗਸਤ (ਰਾਕੇਸ਼ ਨਈਅਰ) : ਅੰਮ੍ਰਿਤਸਰ-ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਥਾਣਾ ਚੋਹਲਾ ਸਾਹਿਬ ਦੇ ਅਧੀਨ ਆਉਂਦੇ ਪਿੰਡ ਮਰਹਾਣਾ ਵਿਖੇ ਭਾਰਤੀ ਪੈਟਰੋਲੀਅਮ ਦੇ ਪੰਪ ਤੋਂ 2 ਮੋਟਰਸਾਈਕਲਾਂ ‘ਤੇ ਸਵਾਰ 4 ਅਣਪਛਾਤੇ ਲੁਟੇਰੇ ਨਗਦੀ ਤੋਂ ਇਲਾਵਾ ਪੈਟਰੋਲ ਪੰਪ ‘ਤੇ ਤਾਇਨਾਤ ਗਾਰਡ ਦੀ ਬੰਦੂਕ ਅਤੇ ਕਾਰਤੂਸ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਲੰਘੀ ਰਾਤ 1 ਵਜੇ ਦੇ ਕਰੀਬ 2 ਮੋਟਰਸਾਈਕਲਾਂ ਤੇ ਆਏ 4 ਨਕਾਬਪੋਸ਼ ਲੁਟੇਰੇ ਜ਼ੋ ਹਥਿਆਰਾਂ ਨਾਲ ਲੈਸ ਸਨ,ਪੈਟਰੋਲ ਪੰਪ ਤੇ ਆਏ ਅਤੇ ਪਿਸਤੌਲ ਦੀ ਨੋਕ ਤੇ 12 ਹਜ਼ਾਰ ਰੁਪਏ ਦੀ ਨਗਦੀ ਅਤੇ ਗਾਰਡ ਹਰਦਿਆਲ ਸਿੰਘ ਵਾਸੀ ਗੰਡੀਵਿੰਡ ਦੀ 12 ਬੋਰ ਬੰਦੂਕ ਅਤੇ 18 ਜਿੰਦਾ ਕਾਰਤੂਸ ਖੋਹ ਕੇ ਫ਼ਰਾਰ ਹੋ ਗਏ।ਜਾਣ ਵੇਲੇ ਲੁਟੇਰਿਆਂ ਵਲੋਂ ਸਾਰੇ ਦਫ਼ਤਰ ਦੀ ਤਲਾਸ਼ੀ ਵੀ ਕੀਤੀ ਗਈ।
ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੈਦ ਹੋਏ ਲੁਟੇਰੇ ਦਿਖਾਈ ਦੇ ਰਹੇ ਹਨ। ਪਤਾ ਲੱਗਾ ਹੈ ਕਿ ਇਸ ਘਟਨਾ ਤੋਂ ਕੁਝ ਮਿੰਟ ਪਹਿਲਾਂ ਹੀ ਮੋਟਰਸਾਈਕਲ ਸਵਾਰ ਇੰਨਾ ਲੁਟੇਰਿਆਂ ਵਲੋਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੈਂਦੇ ਕਸਬਾ ਮੱਖੂ ਵਿਖੇ ਸਥਿਤ ਪੈਟਰੋਲ ਪੰਪ ਤੋਂ ਵੀ ਨਗਦੀ ਅਤੇ ਦੋ ਮੋਬਾਈਲ ਖੋਹੇ ਗਏ ਹਨ।ਵਾਰਦਾਤ ਦਾ ਪਤਾ ਲੱਗਦੇ ਹੀ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਤੁਰੰਤ ਪਿੰਡ ਮਰਹਾਣਾ ਦੇ ਉਸ ਪੈਟਰੋਲ ਪੰਪ ਤੇ ਪੁੱਜੀ ਜਿਥੇ ਘਟਨਾ ਵਾਪਰੀ।ਪੁਲਿਸ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਲੁਟੇਰਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।