ਦੂਰ ਤੱਕ ਘਸੀਟਣ ਕਰਕੇ ਔਰਤ ਦੇ ਲੱਗੀਆਂ ਸੱਟਾਂ,2 ਦੰਦ ਵੀ ਟੁੱਟੇ
ਚੋਹਲਾ ਸਾਹਿਬ/ਤਰਨਤਾਰਨ,12 ਨਵੰਬਰ (ਰਾਕੇਸ਼ ਨਈਅਰ)
ਗੁਰੂ ਨਗਰੀ ਤਰਨਤਾਰਨ ਵਿੱਚ ਲੁਟੇਰਿਆਂ ਅਤੇ ਸਨੈਚਰਾਂ ਦਾ ਪੂਰੀ ਤਰ੍ਹਾਂ ਬੋਲਬਾਲਾ ਹੈ।ਜਦੋਂਕਿ ਸਥਾਨਕ ਪੁਲਿਸ ਗੂੜੀ ਨੀਂਦ ਸੁੱਤੀ ਹੋਈ ਹੈ।ਸ਼ੁੱਕਰਵਾਰ ਨੂੰ ਬੀ.ਐਸ.ਐਫ ਅਧਿਕਾਰੀ ਗੋਰਖ ਸਿੰਘ ਦੀ ਪਤਨੀ ਚਰਨਜੀਤ ਕੌਰ ਦਾ ਬੈਗ ਜੰਡਿਆਲਾ ਗੁਰੂ ਬਾਈਪਾਸ ’ਤੇ ਬਾਈਕ ਸਵਾਰ ਦੋ ਝਪਟਮਾਰਾਂ ਨੇ ਖੋਹ ਲਿਆ।ਔਰਤ ਨੇ ਜਦੋਂ ਬੈਗ ਨਹੀਂ ਛੱਡਿਆ ਤਾਂ ਬਾਈਕ ਸਵਾਰ ਦੂਰ ਤੱਕ ਉਸਨੂੰ ਘਸੀਟਦੇ ਨਾਲ ਲੈ ਗਏ।ਸੜਕ ’ਤੇ ਡਿੱਗਣ ਕਾਰਨ ਔਰਤ ਦੇ 2 ਦੰਦ ਟੁੱਟ ਗਏ ਅਤੇ ਲੱਤਾਂ ਤੇ ਵੀ ਸੱਟਾਂ ਲੱਗੀਆ।ਪਿੰਡ ਕਾਲੀਆ ਸਕੱਤਰਾ ਹਾਲ ਅੰਮ੍ਰਿਤਸਰ ਨਿਵਾਸੀ ਚਰਨਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਗੋਰਖ ਸਿੰਘ ਬੀ.ਐਸ.ਐਫ. ਵਿੱਚ ਸਬ-ਇੰਸਪੈਕਟਰ ਤਾਇਨਾਤ ਹਨ ,ਜਿਨ੍ਹਾਂ ਦੀ ਡਿਊਟੀ ਤਰੀਪੁਰਾ ਵਿੱਚ ਹੈ। ਸ਼ੁੱਕਰਵਾਰ ਨੂੰ ਚਰਨਜੀਤ ਕੌਰ ਮਹੱਲਾ ਟਾਂਕਕੁਸ਼ੱਤਰੀ ਦੀ ਗਲੀ ਕਿਰਪਾ ਸਿੰਘ ਵਾਲੀ ਵਿੱਚ ਰਹਿੰਦੇ ਰਿਸ਼ਤੇਦਾਰ ਲਖਬੀਰ ਸਿੰਘ ਦੇ ਘਰ ਵਿਖੇ ਆ ਰਹੀ ਸੀ।ਜੰਡਿਆਲਾ ਗੁਰੂ ਬਾਈਪਾਸ ’ਤੇ ਚਰਣਜੀਤ ਕੌਰ ਬੱਸ ਤੋਂ ਉਤਰ ਕੇ ਆਟੋ ਲੈਣ ਲਈ ਇੰਤਜਾਰ ਵਿੱਚ ਸੀ ਕਿ ਬਾਈਕ ਸਵਾਰ 2 ਝਪਟਮਾਰਾਂ ਨੇ ਔਰਤਂ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤਾ।ਔਰਤ ਨੇ ਬੈਗ ਨੂੰ ਜਦੋਂ ਨਹੀਂ ਛੱਡਿਆ ਤਾਂ ਬਾਈਕ ਸਵਾਰ ਝਪਟਮਾਰ ਔਰਤ ਨੂੰ ਘਸੀਟਦੇ ਹੋਏ ਦੂਰ ਤੱਕ ਲੈ ਗਏ।ਸੜਕ ’ਤੇ ਡਿੱਗਣ ਨਾਲ ਔਰਤ ਦੇ 2 ਦੰਦ ਟੁੱਟ ਗਏ ਅਤੇ ਲੱਤਾਂ ‘ਤੇ ਵੀ ਸੱਟਾਂ ਲੱਗੀਆਂ।ਜਿਸ ਤੋਂ ਬਾਅਦ ਝਪਟਮਾਰ ਬੈਗ ਲੈ ਕੇ ਝਬਾਲ ਬਾਈਪਾਸ ਵੱਲ ਫਰਾਰ ਹੋ ਗਏ। ਚਰਨਜੀਤ ਕੌਰ ਨੇ ਦੱਸਿਆ ਕਿ ਬੈਗ ਵਿੱਚ 5600 ਰੁਪਏ ਦੀ ਨਗਦੀ,ਇੱਕ ਮੋਬਾਈਲ,ਇੱਕ ਏ.ਟੀ.ਐਮ.,ਆਧਾਰ ਕਾਰਡ ,1500 ਰੁਪਏ ਦੀ ਖਰੀਦੀ ਹੋਈ ਦਵਾਈ ਅਤੇ ਹੋਰ ਦਸਤਾਵੇਜ ਸਨ।
ਚਰਨਜੀਤ ਕੌਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਪੁਲਿਸ ਨੂੰ ਰਿਪੋਰਟ ਲਿਖਵਾਉਣ ਲਈ ਚੌਂਕੀ ਬੱਸ ਅੱਡਾ ਪਹੁੰਚੀ,ਪਰ ਇਥੇ ਮੌਜੂਦ ਚੌਂਕੀ ਇੰਚਾਰਜ ਗੱਜਣ ਸਿੰਘ ਨੇ ਰਿਪੋਰਟ ਲਿਖਣ ਤੋਂ ਇਸ ਲਈ ਮਨਾ ਕਰ ਦਿੱਤਾ ਕਿ ਕੋਰਟ ਦੇ ਕੰਮ ਵਿੱਚ ਰੁਝਿਆ ਹੋਇਆ ਹਾਂ।ਉਥੇ ਹੀ ਡੀ.ਐਸ.ਪੀ. (ਸਿਟੀ) ਬਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਚੌਂਕੀ ਇੰਚਾਰਜ ਵੱਲੋਂ ਰਿਪੋਰਟ ਲਿਖਣ ਵਿੱਚ ਕੁਤਾਹੀ ਕਿਉਂ ਵਰਤੀ ਗਈ,ਇਸਦੀ ਜਾਂਚ ਹੋਵੇਗੀ। ਉਨ੍ਹਾਂ ਦੱਸਿਆ ਕਿ ਝਪਟਮਾਰਾਂ ਦਾ ਪਤਾ ਲਗਾਉਣ ਲਈ ਕਾਰਵਾਈ ਅਮਲ ਵਿੱਚ ਲਿਆਈ ਜਾ ਰਹੀ ਹੈ।