ਚੋਹਲਾ ਸਾਹਿਬ/ਤਰਨਤਾਰਨ 13 ਜਨਵਰੀ (ਰਾਕੇਸ਼ ਨਈਅਰ) : ਸਕੂਲ ਤੋਂ ਘਰ ਪਰਤ ਰਹੀ ਸਰਕਾਰੀ ਅਧਿਆਪਕਾ ਦਾ ਮੋਟਰਸਾਈਕਲ ਸਵਾਰ 2 ਝਪਟਮਾਰ ਦਿਨ ਦਿਹਾੜੇ ਭਰੇ ਬਜ਼ਾਰ ਵਿੱਚ ਪਰਸ ਖੋਹ ਕੇ ਫ਼ਰਾਰ ਹੋ ਗਏ।ਪਰਸ ਵਿੱਚ ਤਿੰਨ ਹਜ਼ਾਰ ਰੁਪਏ,ਏ.ਟੀ.ਐਮ ਕਾਰਡ,ਪੈਨ ਕਾਰਡ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ।ਲੁੱਟ ਦੀ ਇਹ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ।ਲੋਹੜੀ ਦਾ ਤਿਉਹਾਰ ਹੋਣ ਕਰਕੇ ਅੱਜ ਬਜਾਰਾਂ ਵਿੱਚ ਪੂਰੀ ਭੀੜ ਸੀ ਅਤੇ ਜਿਸ ਦਲੇਰੀ ਨਾਲ ਝਪਟਮਾਰ ਅਧਿਆਪਕਾ ਤੋਂ ਪਰਸ ਖੋਹ ਕੇ ਫ਼ਰਾਰ ਹੋ ਗਏ ਉਸ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਵੀ ਦੇਖਿਆ ਜਾ ਰਿਹਾ ਹੈ।
ਅਧਿਆਪਕਾ ਤੋਂ ਪਰਸ ਝਪਟਦੇ ਹੋਏ ਮੋਟਰਸਾਈਕਲ ਸਵਾਰ ਝਪਟਮਾਰਾਂ ਦੀ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਕੈਦ ਹੋਈ ਫੋਟੋ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਚੋਹਲਾ ਸਾਹਿਬ ਦੀ ਅਧਿਆਪਕਾ ਬਲਰਾਜ ਕੌਰ ਨੇ ਦੱਸਿਆ ਕਿ ਸਕੂਲ ਛੁੱਟੀ ਹੋਣ ਤੋਂ ਬਾਅਦ ਉਹ ਆਪਣੀ ਅਧਿਆਪਕਾ ਸਾਥਣ ਦੇ ਨਾਲ ਘਰ ਜਾ ਰਹੀ ਕਿ ਬੱਸ ਸਟੈਂਡ ਦੇ ਨੇੜੇ ਪਿੱਛੇ ਆ ਰਹੇ ਬੁਲਟ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ ਅਤੇ ਟੋਪੀ ਪਹਿਨੀ ਹੋਈ ਸੀ,ਨੇ ਕੋਲ ਆ ਕੇ ਉਸਦਾ ਪਰਸ ਝਪਟ ਲਿਆ ਅਤੇ ਫਰਾਰ ਹੋ ਗਏ। ਅਧਿਆਪਕਾ ਨੇ ਦੱਸਿਆ ਕਿ ਪਰਸ ਵਿੱਚ ਤਿੰਨ ਹਜ਼ਾਰ ਰੁਪਏ ਦੇ ਕਰੀਬ ਨਗਦੀ,ਦੋ ਏ.ਟੀ.ਐਮ ਕਾਰਡ ਅਤੇ ਪੈਨ ਕਾਰਡ ਤੋਂ ਇਲਾਵਾ ਸਕੂਲ ਦੇ ਕੁਝ ਜ਼ਰੂਰੀ ਦਸਤਾਵੇਜ਼ ਸਨ।ਪਰਸ ਖੋਹੇ ਜਾਣ ਦੀ ਇਹ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ,ਜਿਸ ਵਿੱਚ ਝਪਟਮਾਰ ਅਧਿਆਪਕਾ ਤੋਂ ਪਰਸ ਖੋਹ ਕੇ ਫ਼ਰਾਰ ਹੁੰਦੇ ਹੋਏ ਸਾਫ ਨਜ਼ਰ ਆ ਰਹੇ ਹਨ।ਅਧਿਆਪਕਾ ਨੇ ਦੱਸਿਆ ਕਿ ਇਸ ਲੁੱਟ ਦੀ ਘਟਨਾ ਸੰਬੰਧੀ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ।ਡਿਊਟੀ ਅਫ਼ਸਰ ਏ.ਐਸ.ਆਈ ਹਰਦਿਆਲ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਦੇਖਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਵਾਰਦਾਤ ਨੂੰ ਜਲਦ ਹੱਲ ਕਰ ਲਿਆ ਜਾਵੇਗਾ ਅਤੇ ਲੁਟੇਰੇ ਜਲਦ ਪੁਲਿਸ ਦੀ ਪਕੜ ਵਿੱਚ ਹੋਣਗੇ।