
ਚੰਡੀਗੜ੍ਹ (ਬਿਉਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਬਕਾ ਭਾਜਪਾ ਮੰਤਰੀ ਦੇ ਘਰ ਅੱਗੇ ਗੋਬਰ ਸੁੱਟਣ ਵਾਲੇ ਖੇਤੀ ਕਾਨੂੰਨ ਪ੍ਰਦਰਸ਼ਨਕਾਰੀਆਂ ਖਿਲਾਫ ਧਾਰਾ 307 ਵਾਪਸ ਲੈਣ ਦੇ ਇਲਾਵਾ SHO ਦੇ ਤਬਾਦਲੇ ਦਾ ਹੁਕਮ ਦਿੱਤਾ ਗਿਆ ਹੈ, ਜਿਸਦੀ ਹੁਣ ਵਿਸ਼ੇਸ਼ ਜਾਂਚ ਟੀਮ (SIT) ਵਲੋਂ ਪੜਤਾਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਈਪੀਸੀ ਦੀ ਧਾਰਾ 307 ਤਹਿਤ ਕੇਸ ਦਰਜ ਕਰਨ ਪ੍ਰਤੀ ਐਸਐਚਓ ਕਾਫ਼ੀ ਉਤੇਜਿਤ ਹੋ ਗਿਆ। ਹੁਸ਼ਿਆਰਪੁਰ ਕਾਂਡ, ਜਿਸ ਵਿੱਚ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਪੰਜਾਬ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਦੀ ਰਿਹਾਇਸ਼ ਅੱਗੇ ਗੋਬਰ ਨਾਲ ਭਰੀ ਟਰਾਲੀ ਉਤਾਰੀ ਸੀ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ, “ਇਸ ਵਿਚ ਹੱਤਿਆ ਦੀ ਕੋਸ਼ਿਸ਼ ਨਹੀਂ ਕੀਤੀ ਗਈ।” ਇਸੇ ਦੌਰਾਨ ਮੁੱਖ ਮੰਤਰੀ ਨੇ ਇੱਕ ਸੰਗੀਤਕ ਵੀਡੀਓ ਵਿੱਚ ਬੰਦੂਕ ਸਭਿਆਚਾਰ ਦੇ ਪ੍ਰਚਾਰ ਕਰਨ ਦੇ ਦੋਸ਼ ਵਿਚ ਪੰਜਾਬੀ ਗਾਇਕ ਬਰਾੜ ਦੀ ਗ੍ਰਿਫ਼ਤਾਰੀ ਨੂੰ ਸਹੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਇਸ ਢੰਗ ਨਾਲ ਗੈਂਗਸਟਰਵਾਦ ਅਤੇ ਬੰਦੂਕ ਸਭਿਆਚਾਰ ਦਾ ਪ੍ਰਚਾਰ ਕਰਨਾ ਬਿਲਕੁਲ ਗਲ਼ਤ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਕੇਸ ਸਹੀ ਢੰਗ ਨਾਲ ਦਰਜ ਕੀਤਾ ਗਿਆ ਜੋ ਇਸ ਗਾਇਕ ਦੇ ਪੁਰਾਣੇ ਗੀਤ ਨਾਲ ਸਬੰਧਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਗ੍ਰਿਫਤਾਰੀ ਦਾ ਗਾਇਕ ਦੀ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਪਾਈ ਵੀਡੀਓ ਨਾਲ ਕੋਈ ਸਬੰਧ ਨਹੀਂ ਹੈ ਜੋ ਅਸਲ ਵਿੱਚ ਸ਼ਲਾਘਾਯੋਗ ਹੈ।