ताज़ा खबरपंजाब

ਮਾਨਾਂਵਾਲਾ ਤੋਂ ਦੋਬੁਰਜੀ ਤੱਕ ਲੱਗਦੇ ਭਾਰੀ ਜਾਮ ਕਾਰਨ 5 ਮਿੰਟ ਦਾ ਸਫਰ ਡੇਢ ਘੰਟੇ ਹੁੰਦਾ ਤੈਅ

ਅੰਮ੍ਰਿਤਸਰ 31 ਅਗਸਤ (ਕਰਮਜੀਤ/ ਸੁਖਵਿੰਦਰ ਬਾਵਾ) : ਜਲੰਧਰ ਜੀ.ਟੀ. ਰੋਡ ‘ਤੇ ਕਸਬਾ ਦੋਬੁਰਜੀ, ਜਿੱਥੋਂ ਗੁਰੂ ਨਗਰੀ ਅੰਮਿ੍ਤਸਰ ਦੀ ਹੱਦ ਸ਼ੁਰੂ ਹੁੰਦੀ ਹੈ। ਵਿਖੇ ਪਿਛਲੇ ਲਗਭਗ ਤਿੰਨ ਕੁ ਵਰ੍ਹਿਆਂ ਤੋਂ ਉਸਾਰੀ ਅਧੀਨ ਫਲਾਈਓਵਰ ਦੇ ਰੁਕ-ਰੁਕ ਕੇ ਚੱਲ ਰਹੇ ਢਿੱਲੀ ਰਫਤਾਰ ਕੰਮ ਨੇ ਲੋਕਾਂ ਪੜ੍ਹਨੇ ਪਾਇਆ ਹੋਇਆ ਹੈ ਅਤੇ ਦੂਜੇ ਪਾਸੇ ਤਕਰੀਬਨ 500 ਮੀਟਰ ਲੰਬੇ ਪੁੱਲ ਦੀ ਉਸਾਰੀ ਦੇ ਚੱਲਦਿਆਂ ਆ ਰਹੀਆਂ ਦਿੱਕਤਾਂ ਦੀ ਸਰਕਾਰ, ਨੈਸ਼ਨਲ ਹਾਈਵੇ ਆਥਰਟੀ ਜਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕਦੇ ਸਾਰ ਤੱਕ ਨਹੀਂ ਲਈ, ਜਿਸ ਕਰਕੇ ਰੋਜ਼ਾਨਾ ਹਜ਼ਾਰਾਂ ਲੋਕ ਖੱਜਲ- ਖੁਆਰ ਹੋ ਰਹੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਨੈਸ਼ਨਲ ਹਾਈਵੇ ਨੂੰ 6 ਮਾਰਗੀ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਤਹਿਤ ਦੋਬੁਰਜੀ ਵਿਖੇ ਵੱਡਾ ਪੁੱਲ ਉਸਾਰਿਆ ਜਾ ਰਿਹਾ ਹੈ। ਜਿਸ ਨੂੰ ਸਥਾਨਕ ਲੋਕਾਂ ਨੇ ਪਿੱਲਰਾਂ ‘ਤੇ ਬਣਾਉਣ ਦੀ ਮੰਗ ਕੀਤੀ ਗਈ ਸੀ ਪਰ ਕਿਸੇ ਨੇ ਇਕ ਨਾ ਸੁਣੀ ਅਤੇ ਪਹਿਲਾਂ ਬਣੇ ਨਿੱਕੇ ਫਲਾਈਓਵਰ ਨੂੰ ਢਾਹ ਕੇ ਵੱਡਾ ਫਲਾਈਓਵਰ ਬਣਾਉਣ ਦਾ ਕੰਮ ਚੱਲ ਰਿਹਾ ਹੈ ਪਰ ਫਲਾਈਓਵਰ ਦੇ ਦੋਵੇਂ ਪਾਸੇ ਦੀਆਂ ਸੜਕਾਂ ਦੀ ਖਸਤਾ ਹਾਲਤ ਕਰਕੇ ਤੇ ਅੱਜਕੱਲ ਹੋ ਰਹੀ ਬਰਸਾਤ ਕਾਰਨ ਸੜਕਾਂ ਵਿਚ ਵੱਡੇ-ਵੱਡੇ ਖੱਡੇ ਬਣ ਗਏ ਹਨ ਅਤੇ ਸੜਕਾਂ ਛੱਪੜਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ।

ਸੜਕਾਂ ‘ਚ ਖੜ੍ਹੇ ਬਰਸਾਤ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ, ਗੱਡੀਆਂ ਦੀ ਰਫਤਾਰ ਬਹੁਤ ਧੀਮੀ ਹੋ ਗਈ ਹੈ ਅਤੇ ਲਗਭਗ 2 ਕਿਲੋਮੀਟਰ ਲੰਬਾ ਜਾਮ ਲੱਗਾ ਰਹਿੰਦਾ ਹੈ। ਜਿਸ ਨਾਲ ਗੁਰੂ ਨਗਰੀ ਅੰਮਿ੍ਤਸਰ ਹਵਾਈ ਅੱਡਾ ਰਾਜਾਸਾਂਸੀ ਸਮੇਤ ਹੋਰਨਾਂ ਤੀਰਥ ਅਸਥਾਨਾਂ ਅਤੇ ਆਪਣੇ ਕੰਮਾਂ-ਕਾਰਾਂ ਨੂੰ ਜਾਣ ਵਾਲੇ ਸ਼ਰਧਾਲੂਆਂ, ਰਾਹਗੀਰਾਂ ਅਤੇ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸਕਰ ਦੋ ਪਹੀਆ ਵਾਹਣਾਂ ਵਾਲਿਆਂ ਲਈ ਇਹ ਸੜਕ ਕਿਸੇ ਸਮੁੰਦਰ ਨੂੰ ਪਾਰ ਕਰਨ ਤੋਂ ਘੱਟ ਨਹੀਂ ਬੀਤੇ ਕੱਲ ਹੋਈ ਭਾਰੀ ਬਰਸਾਤ ਕਰਕੇ ਕਸਬਾ ਦੋਬੁਰਜੀ ਦੇ ਦੋਵੇਂ ਦੀਆਂ ਸੰਪਰਕ ਸੜਕਾਂ ‘ਤੇ ਗੋਡੇ- ਗੋਡੇ ਪਾਣੀ ਭਰ ਗਿਆ। ਜਿਸ ਨਾਲ ਜਿਥੇ ਦੋਬੁਰਜੀ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਨੇੜੇ ਦੋਬੁਰਜੀ ਤੋਂ ਸੁਲਤਾਨਵਿੰਡ ਜਾਣ ਵਾਲੀ ਸੜਕ ਵਾਲੇ ਮੋੜ ਤੇ ਪਿੰਡ ਰਾਮਪੁਰਾ ਮੋੜ ਆਦਿ ਤਿੰਨ ਥਾਵਾਂ ‘ਤੇ ਭਾਰੀ ਜਾਮ ਲੱਗ ਗਿਆ।

ਉਥੇ ਸੜਕ ‘ਚ ਬਣੇ ਵੱਡੇ ਖੱਡਿਆਂ ਕਾਰਨ ਚਾਰ ਪਹੀਆ ਵਾਹਣ ਖੱਡਿਆਂ ਵਿਚ ਵੱਜ ਕੇ ਲੰਘਦੇ ਦਿਖਾਈ ਦਿੱਤੇ, ਦੋ ਪਹੀਆਂ ਵਾਹਣ ਵਾਲੇ ਡਿੱਗਦੇ ਦਿਖਾਈ ਦਿੱਤੇ ਅਤੇ ਕਈ ਵਾਹਣ ਪਾਣੀ ਵਿਚ ਬੰਦ ਹੁੰਦੇ ਵੀ ਦਿਖਾਈ ਦਿੱਤੇ । ਇਸ ਦੌਰਾਨ ਲੱਗੇ ਜਾਮ ਕਾਰਨ ਇਕ ਐਂਬੂਲੈਂਸ ਵੀ ਫਸੀ ਦਿਖਾਈ ਦਿੱਤੀ ਤੇ ਇਕ ਆਟੋ ਚਾਲਕ ਵੀ ਪਾਣੀ ਵਿਚ ਬੰਦ ਹੋ ਗਿਆ ਤੇ ਪਾਣੀ ਵਿਚ ਵੜ੍ਹ ਕੇ ਕੋਈ ਵੀ ਉਸਦੀ ਮਦਦ ਲਈ ਅੱਗੇ ਨਾ ਆਇਆ । ਕਸਬਾ ਦੋਬੁਰਜੀ ਵਿਚ ਪੁੱਲ ਬਣਨ ਦਾ ਕੰਮ ਭਾਵੇਂ ਠੰਢੇ ਬਸਤੇ ਵਿਚ ਪਿਆ ਰਹੇ ਲੋਕ ਬਰਦਾਸ਼ਦ ਕਰ ਰਹੇ ਹਨ ਪਰ ਦੋਵੇਂ ਪਾਸੇ ਦੀਆਂ ਸੜਕਾਂ ਦਾ ਚੰਗੇ ਢੰਗ ਨਾਲ ਨਾ ਬਣਨਾ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ ਅਤੇ ਲੋਕ ਸਰਕਾਰ, ਨੈਸ਼ਨਲ ਹਾਈਵੇ ਅਥਾਰਟੀ, ਪ੍ਰਸ਼ਾਸ਼ਨ ਤੇ ਕੰਮ ਕਰ ਰਹੀ ਨਿੱਜੀ ਕੰਪਨੀ ਨੂੰ ਰਜ਼ ਕੇ ਕੋਸ ਰਹੇ ਹਨ। ਜਿੰਨਾਂ ਕਰਕੇ ਲੋਕਾਂ ਨੂੰ ਪੰਜ ਕੁ ਮਿੰਟ ਦਾ ਸਫਰ ਇਕ ਤੋਂ ਡੇਢ ਘੰਟੇ ਵਿਚ ਤੈਅ ਕਰਨਾ ਪੈਂਦਾ ਹੈ ਪਰ ਬੀਤੇ ਕੱਲ ਤਾਂ ਉਸ ਵੇਲੇ ਹੱਦ ਹੋ ਗਈ ਜਦੋਂ ਇਥੇ ਲੱਗੇ ਭਾਰੀ ਜਾਮ ਕਾਰਨ ਨੇੜਲੇ ਪਿੰਡਾਂ ਦੀਆਂ ਸੰਪਰਕ ਸੜਕਾਂ ਜਿਵੇਂ ਦੋਬੁਰਜੀ ਤੋਂ ਝੀਤਾ ਕਲਾਂ, ਦੋਬੁਰਜੀ ਤੇ ਭਗਤੂਪੁਰਾ, ਮਾਨਾਂਵਾਲਾ ਤੋਂ ਬੈਸਟ ਪਾਈਜ਼, ਗੋਲਡਨ ਗੇਟ ਤੋਂ ਖਾਨਕੋਟ ਵਾਇਆ ਗਾਰਡਨ ਇਨਕਲੇਵ ਆਦਿ ਵੀ ਬੁਰੀ ਤਰਾਂ ਜਾਮ ਹੋ ਗਈਆਂ ਅਤੇ ਲੋਕ 2 ਤੋਂ 3 ਘੰਟੇ ਬਾਅਦ ਆਪੋ ਆਪਣੀ ਮੰਜਿਲ ‘ਤੇ ਪਹੁੰਚੇ । ਅੱਜ ਅੰਮਿ੍ਤਸਰ ਪੁਲਿਸ ਨੇ ਇਕ ਐਡਵਾਇਜ਼ਰੀ ਜਾਰੀ ਕਰਕੇ ਭਾਰੀ ਵਾਹਣਾਂ (ਟਰੱਕ, ਟਿੱਪਰਾਂ) ਰੂਟ ਪਲਾਨ ਜਾਰੀ ਕੀਤਾ ਹੈ ਪਰ ਪੁਲਿਸ ਦੀ ਐਡਵਾਇਜ਼ਰੀ ਨੂੰ ਟਿੱਚ ਜਾਣਦਿਆਂ ਭਾਰੀ ਵਾਹਣ ਅੰਮਿ੍ਤਸਰ ਨੂੰ ਜਾ ਵੀ ਰਹੇ ਤੇ ਆ ਵੀ ਰਹੇ ਹਨ ।

ਇਥੇ ਇਹ ਵੀ ਜ਼ਿਕਰਯੋਗ ਹੈ ਇਤਿਹਾਸਕ ਸ਼ਹਿਰ ਅੰਮਿ੍ਤਸਰ ਇਕ ਅਜਿਹਾ ਸ਼ਹਿਰ ਹੈ ਜਿਥੇ ਰੋਜਾਨਾ ਲੱਖਾ ਦੀ ਗਿਣਤੀ ਵਿਚ ਲੋਕ ਆਉਂਦੇ ਹਨ ਅਤੇ ਅਨੇਕਾਂ ਸਿਆਸੀ, ਧਾਰਮਿਕ ਤੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਇਸ ਸੜਕ ਤੋਂ ਹੂਟਰ ਮਾਰਦੇ ਲੰਘ ਜਾਂਦੇ ਨੇ ਪਰ ਕਿਸੇ ਮਾਈ ਦੇ ਲਾਲ ਨੇ ਦੋਬੁਰਜੀ ਦੀ ਇਸ ਵਿਕਰਾਲ ਬਣੀ ਸਮੱਸਿਆਵਾਂ ਦੇ ਹੱਲ ਲਈ ਹਾਅ ਦਾ ਨਾਅਰਾ ਨਹੀਂ ਮਾਰਿਆ। ਇਸ ਵੱਡੀ ਸਮੱਸਿਆ ਦੀ ਘੁੰਮਣਘੇਰੀ ਵਿਚ ਫਸੇ ਲੋਕ ਜਿਥੇ ਸਰਕਾਰ, ਨੈਸ਼ਨਲ ਹਾਈਵੇ ਅਥਾਰਟੀ ਤੇ ਪ੍ਰਸ਼ਾਸ਼ਨ ਤੋਂ ਮੰਗ ਕਰ ਰਹੇ ਹਨ, ਕਿ ਕਸਬਾ ਦੋਬੁਰਜੀ ਨੂੰ ਜਾਮ ਦੀ ਸਮੱਸਿਆ ਤੋਂ ਨਿਜਾਤ ਦੁਆਈ ਉਥੇ ਹਰੇਕ ਦੀ ਜੁਬਾਨ ‘ਤੇ ਇਕ ਸਵਾਲ ਵੀ ਹੈ ਕਿ ਜਦੋਂ ਸੜਕ ਨੂੰ ਛੇ ਮਾਰਗੀ ਬਣਾਉਣ ਦਾ ਕੰਮ ਚੱਲ ਰਿਹਾ ਹੋਵੇ ਤਾਂ ਕਿ ਟੋਲ ਟੈਕਸ ਦੇਣਾ ਜਾਇਜ ਹੈ?

Related Articles

Leave a Reply

Your email address will not be published.

Back to top button