ਜੰਡਿਆਲਾ ਗੁਰੂ, 26 ਮਈ (ਕੰਵਲਜੀਤ ਸਿੰਘ ਲਾਡੀ) : ਮੁੱਖ ਸਰਪ੍ਰਸਤ ਸ਼੍ਰੀ ਰਾਜੇਸ਼ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਕੁਮਾਰ ਛੀਨਾ ਦੀ ਯੋਗ ਅਗਵਾਈ ਹੇਠ ਕੌਮੀਂ,ਰਾਜ ਅਤੇ ਜ਼ਿਲ੍ਹਾ ਪੱਧਰੀ ਐਵਾਰਡ ਪ੍ਰਾਪਤ ਕਰਨ ਵਾਲੀ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਵੱਲੋਂ ਅੱਜ ਨਿਵੇਕਲੀ ਪਹਿਲਕਦਮੀ ਕਰਦਿਆਂ “ਰੁੱਖ ਲਗਾਓ ਆਨਲਾਈਨ ਮੁਹਿੰਮ”ਦਾ ਪੋਸਟਰ ਜਾਰੀ ਕੀਤਾ ਗਿਆ l ਇਸ ਮੌਂਕੇ ਪੋਸਟਰ ਜਾਰੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅੰਮ੍ਰਿਤਸਰ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਮੌਜੂਦਾ ਕਰੋਨਾ ਮਾਹਮਾਰੀ ਦੇ ਚਲਦਿਆਂ ਆ ਰਹੀ ਆਕਸੀਜਨ ਦੀ ਕਮੀ ਪੂਰੀ ਕਰਨ ਤੇ ਸ਼ੁੱਧ ਵਾਤਾਵਰਣ ਲਈ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮੌਂਕੇ “ਰੁੱਖ ਲਗਾਓ ਆਨਲਾਈਨ ਮੁਹਿੰਮ” ਵਿੱਚ ਹਿੱਸਾ ਲੈਣ ਵਾਲੇ ਹਰੇਕ ਵਿਦਿਆਰਥੀ/ਨਾਗਰਿਕ ਨੂੰ ਪ੍ਰਸ਼ੰਸਾ ਸਰਟੀਫਿਕੇਟ ਦਿੱਤਾ ਜਾਵੇਗਾ, ਬੂਟਾ ਗਾਰਡਨ ਜਾਂ ਗਮਲੇ ਵਿੱਚ ਲਗਾਉਂਦੇ ਹੋਏ ਸੈਲਫੀ ਫੋਟੋ 3 ਤੋਂ 5 ਜੂਨ , ਦੁਪਿਹਰ 12 ਵਜੇ ਤੱਕ ਪੀ.ਡੀ.ਐਫ ਫਾਈਲ ਇਸ ਨੰਬਰ ਤੇ 99884-500 ਤੇ ਭੇਜੋ ਅਤੇ ਚੁਣੀਆਂ ਹੋਈਆਂ ਫੋਟੋਆਂ ਨੂੰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ ਵਾਜਿਬ ਇਨਾਮ ਦਿੱਤੇ ਜਾਣਗੇ l ਇੱਕ ਸਕੂਲ ਵਿੱਚੋਂ 50 ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਇਸ ਸਬੰਧੀ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਆਖਿਆ ਕਿ ਅੱਜ ਵਿਸ਼ਵ ਵਿਚ ਕਰੋਨਾ ਮਹਾਮਾਰੀ ਦਾ ਦੂਜਾ ਗੇੜ ਚੱਲ ਰਿਹਾ ਹੈ।
ਇਸ ਸਮੇਂ ਆਕਸੀਜਨ ਦੀ ਕਮੀ ਕਾਰਨ ਵੱਡੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ l ਇਸ ਲਈ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ ਵੱਲੋਂ ਰੁੱਖ ਲਗਾਉ ਮੁਹਿੰਮ ਚਲਾਈ ਗਈ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਆਕਸੀਜਨ ਦੀ ਕਮੀ ਨਾ ਆ ਸਕੇ ਅਤੇ ਵਾਤਾਵਰਣ ਵੀ ਸ਼ੁੱਧ ਮਿਲੇ । ਪਿਛਲੇ ਸਮੇਂ ਦੌਰਾਨ ਰੁੱਖਾਂ ਦੀ ਕਟਾਈ ਦੇ ਕਾਰਨ ਹੀ ਦੇਸ਼ ਵਿਚ ਆਕਸੀਜਨ ਦੀ ਕਮੀ ਆਈ ਹੈ । ਪਿਛਲੇ ਸਾਲਾਂ ਵਿੱਚ ਰੁੱਖਾਂ ਦੀ ਕਟਾਈ ਤਾਂ ਕੀਤੀ ਗਈ ਪਰ ਨਵੇਂ ਰੁੱਖ ਲਗਾਉਣ ਦੀ ਕੋਈ ਵੀ ਮੁਹਿੰਮ ਨਹੀਂ ਚਲਾਈ ਗਈ l ਪਿੱਛਲੇ ਸਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਵਸ ਨੂੰ ਮੁੱਖ ਰੱਖਦਿਆਂ ਹਰ ਪਿੰਡ ਵਿਚ 550 ਬੂਟੇ ਲਗਾਉਣ ਦੀ ਚਲਾਈ ਮੁਹਿੰਮ ਸ਼ਲਾਘਾਯੋਗ ਕਦਮ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਉਨ੍ਹਾਂ ਬੂਟਿਆਂ ਦੀ ਦੇਖਭਾਲ ਦੇ ਪੁਖਤਾ ਪ੍ਰਬੰਧ ਨਾ ਹੋਣ ਕਰ ਕੇ ਨਾ ਮਾਤਰ ਹੀ ਬੂਟੇ ਬਚੇ ਹਨ । ਵਧੇਰੇ ਆਕਸੀਜਨ ਦੇਣ ਵਾਲੇ ਰੁੱਖ ਜਿਵੇਂ ਬੋਹੜ ਪਿੱਪਲ ਆਦਿ ਵਧੇਰੇ ਲਗਾਏ ਜਾਣ। ਉਨ੍ਹਾਂ ਨੇ ਸਾਰਿਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਆਉਣ ਵਾਲੀ ਨਸਲ ਨੂੰ ਬਚਾਉਣ ਲਈ ਸਾਨੂੰ ਆਕਸੀਜਨ ਦੀ ਲੋੜ ਹੈ ਅਤੇ ਕੁਦਰਤੀ ਆਕਸੀਜਨ ਸਾਨੂੰ ਰੁੱਖਾਂ ਤੋਂ ਹੀ ਮਿਲ ਸਕਦੀ ਹੈ । ਇਸ ਲਈ ਆਸ ਹੈ ਅੱਜ ਦੇ ਹਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ ਇਸ ਮਹੱਤਵਪੂਰਨ ਵਿਸ਼ੇ ਤੇ ਧਿਆਨ ਜ਼ਰੂਰ ਦਿਓ । ਅਤੇ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ ਵੱਲੋਂ ਚਲਾਈ ਗਈ ਰੁੱਖ ਲਗਾਉ ਮੁਹਿੰਮ ਦੇ ਇਸ ਉਪਰਾਲੇ ਨੂੰ ਕਾਮਯਾਬ ਬਣਾਓ । ਆਖ਼ਿਰ ਵਿੱਚ ਪ੍ਰਧਾਨ ਮੱਟੂ ਨੇ ਕਿਹਾ ਕਿ ਅਗਰ ਕਿਸੇ ਕੋਲ ਬੂਟਾ ਲਗਾਉਣ ਲਈ ਕੋਈ ਗਾਰਡਨ ਜਾਂ ਖਾਲੀ ਜਗ੍ਹਾ ਨਹੀਂ ਤਾਂ ਬੂਟਾ ਗ਼ਮਲੇ ਵਿੱਚ ਵੀ ਲਗਾ ਕੇ ਇਸ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ l ਇਸ ਮੌਂਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅੰਮ੍ਰਿਤਸਰ ਸਤਿੰਦਰਬੀਰ ਸਿੰਘ, ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਭਗਵੰਤ ਸਿੰਘ, ਸੁਪਰਡੈਂਟ ਤਰਲੋਚਨ ਸਿੰਘ, ਸਟੈਨੋ ਰਾਜਦੀਪ ਸਿੰਘ ਅਤੇ ਬਲਜਿੰਦਰ ਸਿੰਘ ਮੱਟੂ ਹਾਜਿਰ ਸ।