ਜੰਡਿਆਲਾ ਗੁਰੂ, 10 ਮਈ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਮਾਝਾ ਪ੍ਰੈੱਸ ਕਲੱਬ,ਅੰਮ੍ਰਿਤਸਰ ਦੀ ਟੀਮ ਦੇ ਉਦੱਮ ਸਦਕਾ ਕਈ ਦਿਨਾਂ ਤੋਂ ਸੜਕ ਕੰਢੇ ਰੁਲ ਰਹੇ ਅਪਾਹਜ ਤੇ ਬਿਮਾਰ ਇਕ ਲਵਾਰਿਸ ਪ੍ਰਵਾਸੀ ਮਰੀਜ਼ ਲਈ ਅੰਤਰਰਸ਼ਾਸ਼ਟਰੀ ਪੱਧਰ ਦੀ ਸੰਸਥਾ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਆਸਰਾ ਬਣ ਬਹੁੜੀ ਹੈ। ਜਿਕਰਯੋਗ ਹੈ ਕਿ ਜੰਡਿਆਲਾ ਗੁਰੂ-ਤਰਨਤਾਰਨ ਰੋਡ ‘ਤੇ ਪਿੰਡ ਠੱਠੀਆਂ ਦੇ ਪੈਟਰੋਲ ਪੰਪ ਦੇ ਸਾਹਮਣੇ ਅਪਾਹਜ਼, ਬਿਮਾਰ ਤੇ ਕਮਜ਼ੋਰ ਹਾਲਤ ‘ਚ ਇਕ ਪ੍ਰਵਾਸੀ ਮਜਦੂਰ, ਜੋ ਪਿੱਛਲੇ ਕਈ ਦਿਨਾਂ ਤੋਂ ਸੜਕ ਕੰਢੇ ਪਿਆ ਸੀ, ਨੂੰ ਆਉਂਦੇ ਜਾਂਦੇ ਰਾਹਗੀਰ ਜਾਂ ਪੈਟਰੋਲ ਪੰਪ ਵਾਲੇ ਥੋੜ੍ਹਾ ਬਹੁਤ ਖਾਣ ਪੀਣ ਨੂੰ ਦੇ ਦਿੰਦੇ ਸਨ, ਪਰ ਉਸਦੀ ਖਰਾਬ ਹੋ ਰਹੀ ਹਾਲਤ ਬਾਰੇ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਨਰੇਸ਼ ਪਾਠਕ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਨਾਲ ਸੰਪਰਕ ਕੀਤਾ ਤਾਂ ਪ੍ਰਧਾਨ ਨਾਗੀ ਨੇ ਸਮੁੱਚੀ ਟੀਮ ਦੇ ਸਹਿਯੋਗ ਨਾਲ ਡਾ ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਚੱਲ ਰਹੀ ਪਿੰਗਲਵਾੜਾ ਸੰਸਥਾ ਦੇ ਪ੍ਰਸ਼ਾਸ਼ਕ ਕਰਨਲ ਦਰਸ਼ਨ ਸਿੰਘ ਬਾਵਾ ਨਾਲ ਸੰਪਰਕ ਸਾਧਿਆ ਅਤੇ ਉਨ੍ਹਾਂ ਵਲੋਂ ਦੱਸੀ ਰਸਮੀ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਪਿੰਗਲਵਾੜਾ ਸੰਸਥਾ ਦੀ ਐਂਬੂਲੈਂਸ ਮਰੀਜ ਨੂੰ ਲੈਣ ਭੇਜ ਦਿੱਤੀ।
ਮਾਝਾ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਅਤੇ ਸਮੁੱਚੀ ਟੀਮ ਨੇ ਮੌਕੇ ‘ਤੇ ਪਹੰਚ ਕੇ ਲਵਾਰਿਸ ਮਰੀਜ਼ ਨੂੰ ਐਂਬੂਲੈਂਸ ਵਿਚ ਬਿਠਾਇਆ ਅਤੇ ਪਿੰਗਲਵਾੜਾ ਸੰਸਥਾ ਲਈ ਰਵਾਨਾ ਕੀਤਾ। ਇਸ ਮੌਕੇ ਪ੍ਰਧਾਨ ਨਾਗੀ ਨੇ ਪਿੰਗਲਵਾੜਾ ਸੰਸਥਾ ਦਾ ਧੰਨਵਾਦ ਕੀਤਾ, ਜੋ ਲਵਾਰਿਸਾਂ ਤੇ ਬੇਅਸਰਿਆ ਦਾ ਆਸਰਾ ਬਣ ਰਹੀ ਹੈ। ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਜਸਵੰਤ ਸਿੰਘ ਮਾਂਗਟ, ਸਵਿੰਦਰ ਸਿੰਘ ਸ਼ਿੰਦਾ ਲਹੌਰੀਆ, ਕੁਲਦੀਪ ਸਿੰਘ ਖਹਿਰਾ, ਹਰੀਸ਼ ਕੱਕੜ, ਐਡਵਕੇਟ ਸ਼ੁਕਰਗੁਜ਼ਾਰ ਸਿੰਘ, ਗੁਰਪਾਲ ਸਿੰਘ ਰਾਏ, ਸਤਪਾਲ ਵਿਨਾਇਕ, ਕੁਲਦੀਪ ਸਿੰਘ ਭੁੱਲਰ, ਪਰਵਿੰਦਰ ਸਿੰਘ ਮਲਕ, ਸੁਖਦੇਵ ਸਿੰਘ ਬੱਬੂ, ਮਨਦੀਪ ਸਿੰਘ ਜੰਮੂ, ਪਰਮਜੀਤ ਸਿੰਘ, ਰਾਜੇਸ਼ ਪਾਠਕ ਆਦਿ ਹਾਜ਼ਰ ਸਨ।