ਮਸ਼ਹੂਰ ਪੰਜਾਬੀ ਸਿੰਗਰ ਹਨੀ ਸਿੰਘ ‘ਤੇ ਹੋਇਆ ਹਮਲਾ, FIR ਦਰਜ, ਵੇਖੋ ਕੀ ਬਿਆਨ ਦਿੱਤੇ ਹਨੀ ਸਿੰਘ ਨੇ ਪੁੱਲਿਸ ਅੱਗੇ
ਦਿੱਲੀ, 07 ਅਪ੍ਰੈਲ (ਬਿਊਰੋ) : ਗਾਇਕ ਯੋ ਯੋ ਹਨੀ ਸਿੰਘ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਖਣੀ ਦਿੱਲੀ ਦੇ ਇੱਕ ਕਲੱਬ ‘ਚ ਸ਼ੋਅ ਕਰਨ ਆਏ ਗਾਇਕ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਗਈ। ਇਹ ਘਟਨਾ 27 ਮਾਰਚ ਨੂੰ ਦੱਖਣੀ ਦਿੱਲੀ ਦੇ ਇੱਕ ਕਲੱਬ ਵਿੱਚ ਵਾਪਰੀ। ਜਿੱਥੇ ਇੱਕ ਕਲੱਬ ਵਿੱਚ ਯੋ ਯੋ ਹਨੀ ਸਿੰਘ ਨਾਲ ਚਾਰ ਤੋਂ ਪੰਜ ਅਣਪਛਾਤੇ ਵਿਅਕਤੀਆਂ ਨੇ ਬਦਸਲੂਕੀ ਕੀਤੀ। ਗਾਇਕ ਨੇ ਅਣਪਛਾਤੇ ਲੋਕਾਂ ਦੇ ਸਮੂਹ ਖਿਲਾਫ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਹੈ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ 27 ਮਾਰਚ ਨੂੰ ਸਾਊਥ ਐਕਸਟੈਂਸ਼ਨ-2 ਦੇ ਸਕੋਲ ਕਲੱਬ ਵਿਖੇ ਵਾਪਰੀ। ਐਫਆਈਆਰ ਮੁਤਾਬਕ ਹੰਨੀ ਸਿੰਘ 26 ਅਤੇ 27 ਮਾਰਚ ਦੀ ਵਿਚਕਾਰਲੀ ਰਾਤ ਨੂੰ ਕਲੱਬ ਵਿੱਚ ਸ਼ੋਅ ਕਰ ਰਿਹਾ ਸੀ ਜਦੋਂ ਇੱਕ ਗਰੁੱਪ ਜ਼ਬਰਦਸਤੀ ਸਟੇਜ ‘ਤੇ ਖੜ੍ਹਾ ਹੋ ਗਿਆ।
ਐਫਆਈਆਰ ਵਿੱਚ ਕਿਹਾ ਗਿਆ ਹੈ, ‘4-5 ਅਣਪਛਾਤੇ ਲੋਕਾਂ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਸ਼ੋਅ ਵਿੱਚ ਵਿਘਨ ਪਾਇਆ। ਉਨ੍ਹਾਂ ਨੇ ਭੀੜ ਨੂੰ ਬੀਅਰ ਦਿਖਾਉਣੀ ਸ਼ੁਰੂ ਕਰ ਦਿੱਤੀ ਅਤੇ ਕਲਾਕਾਰਾਂ ਨੂੰ ਸਟੇਜ ‘ਤੇ ਧੱਕ ਦਿੱਤਾ। ਇਸ ਤੋਂ ਬਾਅਦ ਚੈੱਕ ਕਮੀਜ਼ ਵਿੱਚ ਇੱਕ ਵਿਅਕਤੀ ਨੇ ਮੇਰਾ (ਸਿੰਘ) ਹੱਥ ਫੜ ਲਿਆ ਅਤੇ ਮੈਨੂੰ ਅੱਗੇ ਖਿੱਚਣਾ ਸ਼ੁਰੂ ਕਰ ਦਿੱਤਾ। ਮੈਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਆਦਮੀ ਮੈਨੂੰ ਲਲਕਾਰਦਾ ਰਿਹਾ ਅਤੇ ਧਮਕੀਆਂ ਦਿੰਦਾ ਰਿਹਾ।”
ਗਾਇਕ ਨੇ ਆਪਣੇ ਬਿਆਨ ‘ਚ ਕਿਹਾ ਕਿ ‘ਮੈਂ ਇਹ ਵੀ ਦੇਖਿਆ ਕਿ ਉਹ ਹਥਿਆਰਬੰਦ ਸੀ। ਲਾਲ ਕਮੀਜ਼ ਵਿੱਚ ਇੱਕ ਹੋਰ ਵਿਅਕਤੀ ਵੀਡੀਓ ਬਣਾ ਰਿਹਾ ਸੀ ਅਤੇ ਕਹਿ ਰਿਹਾ ਸੀ ‘ਭੱਜਾ ਦਿੱਤਾ ਹਨੀ ਸਿੰਘ ਨੂੰ’। ਪੁਲਿਸ ਨੇ ਹਨੀ ਸਿੰਘ ਦੀ ਸ਼ਿਕਾਇਤ ‘ਤੇ ਗਲਤ ਤਰੀਕੇ ਨਾਲ ਰੋਕ ਲਗਾਉਣ, ਅਪਰਾਧਿਕ ਧਮਕੀ ਦੇਣ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਇਸ ਮਾਮਲੇ ‘ਚ ਪੁਲਿਸ ਨੇ ਕੁੱਟਮਾਰ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਇਹ ਐਫਆਈਆਰ ਅਣਪਛਾਤੇ ਲੋਕਾਂ ਖ਼ਿਲਾਫ਼ ਹੈ ਜਿਸ ਵਿੱਚ ਕਿਸੇ ਦਾ ਨਾਂ ਨਹੀਂ ਲਿਖਿਆ ਗਿਆ। ਇਸ ਮਾਮਲੇ ਵਿੱਚ ਪੁਲਿਸ ਸੀਸੀਟੀਵੀ ਕੈਮਰਿਆਂ ਅਤੇ ਹੋਰ ਤਕਨੀਕੀ ਮਦਦ ਨਾਲ ਜਾਂਚ ਕਰ ਰਹੀ ਹੈ। ਅਜੇ ਤੱਕ ਦੋਸ਼ੀ ਦਾ ਪਤਾ ਨਹੀਂ ਲੱਗ ਸਕਿਆ ਹੈ।