
ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਸਰਾਂ) : ਅੱਜ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ ਨੂੰ ਜਿਲ੍ਹਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਲੋਂ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਸਜ਼ਾ ਵਜੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।ਜਿਸਦਾ ਪੰਜਾਬ ਭਰ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਚੁੱਕਾ ਹੈ।ਨਰੇਗਾ ਕਰਮਚਾਰੀ ਯੂਨੀਅਨ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਬੇਹੱਦ ਮਿਹਨਤੀ,ਇਮਾਨਦਾਰ ਮੁਲਾਜ਼ਮ ਹੈ। ਪਿਛਲੇ ਸਮੇਂ ਵਿੱਚ ਉਸਦੀ ਡਿਊਟੀ ਦੌਰਾਨ ਕੋਈ ਵੀ ਊਣਤਾਈ ਨਹੀਂ ਪਾਈ ਗਈ।ਅੰਮ੍ਰਿਤਪਾਲ ਸਿੰਘ ਯੂਨੀਅਨ ਦਾ ਜੁੰਮੇਵਾਰ ਆਗੂ ਹੋਣ ਕਰਕੇ ਮੁਲਾਜ਼ਮਾਂ ਮਾਰੂ ਨੀਤੀਆਂ ਦੇ ਖਿਲਾਫ਼ ਹਮੇਸ਼ਾ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ।ਪਿਛਲੇ ਦਿਨੀਂ ਜਿਲ੍ਹੇ ਵਿੱਚ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਕਾਨੂੰਨ ਅਨੁਸਾਰ10% ਸਲਾਨਾ ਵਾਧਾ,ਬੇਕਸੂਰ ਨੌਕਰੀ ਤੋਂ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਵਾਉਣ ਅਤੇ ਮ੍ਰਿਤਕ ਸਾਥੀ ਦੀ ਧਰਮ ਪਤਨੀ ਨੂੰ ਤਰਸ ਦੇ ਆਧਾਰ ਤੇ ਨਰੇਗਾ ਵਿੱਚ ਹੀ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਜਬਰਦਸਤ ਰੋਸ਼ ਪ੍ਰਦਰਸ਼ਨ ਕੀਤੇ ਗਏ ਸਨ।ਜਿਸ ਕਰਕੇ ਉਹ ਜਿਲ੍ਹਾ ਸਿਵਲ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਰੜਕਣ ਲੱਗਾ।ਪਿਛਲੇ ਮਹੀਨੇ ਦਿੱਲੀ ਵਿੱਚ ਲੱਗੇ ਕਿਸਾਨ ਮੋਰਚੇ ਵਿੱਚ ਸਾਮਲ ਹੋਣ ਲਈ ਸਾਥੀ ਵੱਲੋਂ ਬਿਨਾਂ ਤਨਖਾਹ ਤੋਂ ਛੁੱਟੀ ਲੈ ਲਈ ਗਈ ਸੀ।ਜਿਸ ਤੋਂ ਬਾਅਦ ਉਹ ਦਿੱਲੀ ਚਲਾ ਗਿਆ।ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਫਾਜ਼ਿਲਕਾ ਵੱਲੋਂ ਦੋ ਹਫਤਿਆਂ ਬਾਅਦ ਉਕਤ ਛੁੱਟੀ ਨਾ ਮਨਜ਼ੂਰ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਤੁਰੰਤ ਡਿਊਟੀ ਤੇ ਹਾਜ਼ਰ ਹੋਣ ਲਈ ਗੈਰਕਾਨੂੰਨੀ ਢੰਗ ਨਾਲ ਵਟਸਐਪ ਰਾਹੀਂ ਪੱਤਰ ਦੇਰ ਰਾਤ ਭੇਜ ਦਿੱਤਾ ਗਿਆ।ਜਿਸਨੂੰ ਪੜ੍ਹਦਿਆਂ ਅੰਮ੍ਰਿਤਪਾਲ ਸਿੰਘ ਸਵੇਰ ਤੱਕ ਦਿੱਲੀ ਤੋਂ ਵਾਪਸ ਆ ਕੇ ਡਿਊਟੀ ਤੇ ਹਾਜ਼ਰ ਹੋ ਗਿਆ।ਜਿਸ ਤੋਂ ਕਈ ਦਿਨਾਂ ਬਾਅਦ ਅੰਮ੍ਰਿਤਪਾਲ ਸਿੰਘ ਕਾਰਨ ਪਿੰਡਾਂ ਦੇ ਕੰਮ ਪ੍ਰਭਾਵਿਤ ਹੋਣ ਦਾ ਦੋਸ਼ ਲਾ ਕੇ 31 ਦਸੰਬਰ ਤੋਂ ਸੇਵਾਵਾਂ ਖਤਮ ਕਰਨ ਦਾ ਪੱਤਰ ਰਾਤ ਨੂੰ ਸਾਢੇ ਨੌਂ ਵਜੇ ਅੰਮ੍ਰਿਤਪਾਲ ਸਿੰਘ ਨੂੰ ਭੇਜਿਆ ਗਿਆ।ਇਹ ਗੈਰਕਾਨੂੰਨੀ ਕਾਰਵਾਈ ਕਰਕੇ ਪ੍ਰਸ਼ਾਸਨ ਨੇ ਇੱਕ ਸੰਘਰਸ਼ੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ।ਅੰਮ੍ਰਿਤਪਾਲ ਸਿੰਘ ਦੇ ਸਰਕਲ ਦੀਆਂ ਪੰਚਾਇਤਾਂ ਇਹ ਲਿਖ ਕੇ ਦੇ ਚੁੱਕੀਆਂ ਹਨ ਕਿ ਅੰਮ੍ਰਿਤਪਾਲ ਸਿੰਘ ਨੇ *ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕੀਤੀ ਹੈ ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਅੰਮ੍ਰਿਤਪਾਲ ਸਿੰਘ ਨੂੰ ਮੁੜ ਨੌਕਰੀ ਤੇ ਬਹਾਲ ਕਰਨ ਦੀ ਮੰਗ ਪੰਜਾਬ ਭਰ ਵਿੱਚ ਜ਼ੋਰ ਨਾਲ ਉੱਠ ਰਹੀ ਹੈ।
ਬੀਤੇ ਸ਼ੁੱਕਰਵਾਰ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਜਦੋਂ ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਮਿਲ ਕੇ ਇਸਦਾ ਕਾਰਨ ਜਾਨਣਾ ਚਾਹਿਆ ਤਾਂ ਉਹ ਕੋਈ ਵੀ ਠੋਸ ਜਵਾਬ ਨਹੀਂ ਦੇ ਸਕੇ।ਅੱਜ ਸੂਬਾ ਕਮੇਟੀ ਦੇ ਕੀਤੇ ਐਲਾਨ ਇਹ ਇੱਕ ਦਿਨਾਂ ਸੰਕੇਤਕ ਧਰਨੇ ਸਵੇਰੇ ਪੰਜਾਬ ਵਿੱਚ ਹੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦਫਤਰਾਂ ਵਿੱਚ ਦਿੱਤੇ ਜਾ ਰਹੇ ਹਨ।ਆਗੂਆਂ ਨੇ ਨਾਲ ਹੀ ਸੰਯੁਕਤ ਵਿਕਾਸ ਕਮਿਸ਼ਨਰ ਮਗਨਰੇਗਾ ਪੰਜਾਬ,ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੂੰ ਵੀ ਬੇਨਤੀ ਕੀਤੀ ਕਿ ਜੇਕਰ ਅਗਲੇ ਕੁੱਝ ਦਿਨਾਂ ਵਿਕਾਸ ਕਾਰਜ਼ ਅਣਮਿੱਥੇ ਸਮੇਂ ਲਈ ਬੰਦ ਕਰਕੇ ਡਿਪਟੀ ਕਮਿਸ਼ਨਰ ਦਫਤਰ ਫਾਜ਼ਿਲਕਾ ਅੱਗੇ ਧਰਨਾ ਸ਼ੁਰੂ ਕੀਤਾ ਜਾਵੇਗਾ।ਜਿਸ ਕਾਰਨ ਸਰੇ ਪੰਜਾਬ ਦੇ ਕੰਮ ਪ੍ਰਭਾਵਿਤ ਹੋ ਸਕਦੇ ਹਨ ਇਸ ਲਈ ਇਸ ਮਸਲੇ ਦਾ ਜਲਦੀ ਨਿਪਟਾਰਾ ਕੀਤਾ ਜਾਵੇ।ਉਹਨਾਂ ਕਿਹਾ ਕਿ ਇੱਕ ਦੋ ਦਿਨਾਂ ਵਿੱਚ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਤਾਲਮੇਲ ਕਰਕੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।ਇਸ ਮੌਕੇ ਤੇ ਮਨਜੀਤ ਸਿੰਘ ਬਲਾਕ ਪ੍ਰਧਾਨ, ਬਲਵਿੰਦਰ ਸਿੰਘ ਏ ਪੀ ਓ,ਹਰਪ੍ਰਤਾਪ ਸਿੰਘ ਟੀਏ , ਅੰਮ੍ਰਿਤਪਾਲ ਸਿੰਘ , ਹੀਰਾ ਸਿੰਘ , ਦਿਲਬਾਗ ਸਿੰਘ ਹਾਜ਼ਰ ਸਨ ।