ਮਜਦੂਰ ਦਿਵਸ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦਗਾਰ ਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਭੁੱਖ ਹੜਤਾਲ
ਸਰਕਾਰ ਵੱਲੋਂ ਪੈਨਸ਼ਨ ਬਹਾਲ ਨਾ ਕੀਤੇ ਜਾਣ ਕਾਰਨ ਮੁਲਾਜਮਾਂ ਅੰਦਰ ਦਿਨੋਂ ਦਿਨ ਵੱਧ ਰਿਹਾ ਹੈ ਰੋਸ
ਮੁਲਾਜਮਾਂ ਵੱਲੋਂ BJP ਤੇ ਆਮ ਆਦਮੀ ਪਾਰਟੀ ਦਾ ਵੋਟਾਂ ਵਿੱਚ ਵਿਰੋਧ ਕਰਨ ਐਲਾਨ
ਖਟਕੜ ਕਲਾਂ, 01 ਮਈ (ਬਿਊਰੋ) : ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ ਵਿਖੇ ਸੀਪੀਐਫ ਕਰਮਚਾਰੀ ਯੂਨੀਅਨ ਦੀ ਅਗਵਾਈ ਹੇਠ ਕਰਮਚਾਰੀਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਲਈ ਇੱਕ ਦਿਨਾਂ ਭੁੱਖ ਹੜਤਾਲ ਕੀਤੀ ਗਈ। ਇਸ ਦੌਰਾਨ ਕਰਮਚਾਰੀਆਂ ਨੇ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦੀ ਸਹੁੰ ਚੁੱਕ ਕੇ ਸੱਤਾ ‘ਚ ਆਉਣ ਉਪਰੰਤ ਆਪਣੇ ਵਾਅਦੇ ਤੋਂ ਮੁੱਕਰਨ ਦੇ ਦੋਸ਼ ਲਗਾਏ ਗਏ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੁਖਜੀਤ ਸਿੰਘ ਸੂਬਾ ਪ੍ਰਧਾਨ, ਰਣਬੀਰ ਸਿੰਘ ਢੰਡੇ ਜਨਰਲ ਸਕੱਤਰ, ਅਮਨਦੀਪ ਸਿੰਘ ਵਿੱਤ ਸਕੱਤਰ ਆਦਿ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹਰੇਕ ਵਰਗ ਨਾਲ ਬਹੁਤ ਵਾਅਦੇ ਕੀਤੇ, ਪਰ ਜਦੋਂ ਪੰਜਾਬ ਦੇ ਲੋਕਾਂ ਨੇ ਸੱਤਾ ਦਾ ਸੁੱਖ ਝੋਲੀ ਪਾ ਦਿੱਤਾ ਤਾਂ ਸਮੂਹ ਐਮਐਲਏ/ਕੈਬਨਿਟ ਵਜੀਰ ਸਾਡੇ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਸਾਡਾ ਸ਼ੋਸ਼ਨ ਕਰਨ ਤੇ ਲੱਗੇ ਹੋਏ ਹਨ। ਸਰਕਾਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੇ ਨੋਟੀਫਿਕੇਸਨ ਕਰਨ ਤੋਂ ਬਾਅਦ ਵੀ ਬਹਾਲ ਨਹੀਂ ਕਰ ਰਹੀ, ਬਲਕਿ ਕਰਮਚਾਰੀਆਂ ਦੀ ਨਵੀਂ ਭਰਤੀ ਵੀ ਸ਼ੇਅਰ ਮਾਰਕਿਟ ਅਧਾਰਿਤ ਹੀ ਕਰ ਰਹੀ ਹੈ। ਇਸ ਧੱਕੇਸ਼ਾਹੀ ਨੂੰ ਮੁਲਾਜਮ ਵਰਗ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ ਅਤੇ ਆਪਣੇ ਹੱਕਾਂ ਦੀ ਰਾਖੀ ਅਤੇ ਪ੍ਰਾਪਤੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹੈ।
ਸਰਕਾਰ ਨੇ ਜੇਕਰ ਪੁਰਾਣੀ ਪੈਨਸ਼ਨ ਸਕੀਮ ਜਲਦ ਲਾਗੂ ਨਾ ਕੀਤੀ ਤਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਗੰਭੀਰ ਬਣ ਸਕਦੇ ਹਨ, ਜਿਸ ਦੀ ਪੂਰੀ ਜੁਮੇਵਾਰੀ ਸਰਕਾਰ ਦੀ ਹੋਵੇਗੀ । ਇਸ ਦੌਰਾਨ ਹਰਵੀਰ ਸਿੰਘ ਢੀਂਡਸਾ, ਹਰਜਿੰਦਰ ਸਿੰਘ ਪੰਨੂ, ਤੇਜਿੰਦਰ ਸਿੰਘ ਨੰਗਲ ਨੇ ਕਿਹਾ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਨਾ ਕਰਕੇ ਮੁਲਾਜਮ ਵਰਗ ਦਾ ਸ਼ੋਸ਼ਨ ਕੀਤਾ ਜਾ ਰਿਹਾ ਹੈ ਪਰ ਰਾਜਨੀਤਕ ਲੋਕ ਖੁਦ ਸਰਕਾਰੀ ਖਜਾਨੇ ਦੀ ਲੁੱਟ ਖਸੁੱਟ ਸ਼ਰੇਆਮ ਕਰ ਰਹੇ ਹਨ । ਇਸ ਸਬੰਧੀ ਗੁਰਮੇਲ ਸਿੰਘ ਵਿਰਕ, ਧਰਮਿੰਦਰ ਸਿੰਘ ਮਾਨਸਾ, ਸੰਗਤ ਰਾਮ, ਜਰਨੈਲ ਸਿੰਘ ਔਜਲਾ, ਪ੍ਰਭਜੋਤ ਸਿੰਘ,ਸੰਦੀਪ ਭੰਬਕ,ਜਗਸੀਰ ਸਿੰਘ, ਦੀਦਾਰ ਸਿੰਘ ਛੋਕਰ, ਇਕਬਾਲ ਬਠਿੰਡਾ,ਪੁਨੀਤ ਸਾਗਰ, ਸੰਜੀਵ ਕੁਮਾਰ, ਜਗਤਾਰ ਰਾਜੋਆਣਾ, ਬਲਵੀਰ ਬਡੇਸਰੋਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕੈਬਨਿਟ ਮੰਤਰੀਆਂ ਨਾਲ ਹੋਈ ਮੀਟਿੰਗ ਵਿੱਚ ਦਿੱਤੇ ਗਏ ਭਰੋਸੇ ਦੇ ਬਾਵਜੂਦ ਸਰਕਾਰ ਵੱਲੋਂ ਮੁਲਾਜਮਾਂ ਦੀ ਮੰਗ ਦਾ ਹੱਲ ਨਾ ਹੋਣ ਕਾਰਨ ਸਮੁੱਚੇ ਪੰਜਾਬ ਦਾ ਕਰੀਬ 2 ਲੱਖ ਮੁਲਾਜਮ ਹੁਣ ਤਿੱਖੇ ਸੰਘਰਸ਼ ਦੇ ਰੌਂਅ ਵਿੱਚ ਆ ਚੁੱਕੇ ਹਨ ਅਤੇ ਸਰਕਾਰ ਸਾਨੂੰ ਸੜਕਾਂ ਤੇ ਉੱਤਰਣ ਲਈ ਮਜਬੂਰ ਕਰ ਰਹੀ ਹੈ।
ਲੋਕ ਹਿੱਤ ਵਿੱਚ ਫੈਸਲੇ ਲੈਣ ਲਈ ਸੱਤਾ ‘ਚ ਆਈ ਸਰਕਾਰ ਲੋਕ ਹਿੱਤ ‘ਚ ਕੰਮ ਨਹੀਂ ਕਰ ਰਹੀ ਸਗੋਂ ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਲੋਕ ਵਿਰੋਧੀ ਫੈਸਲੇ ਲਾਗੂ ਕੀਤੇ ਜਾ ਰਹੇ ਹਨ, ਜਿਸ ਕਰਕੇ ਪੰਜਾਬ ਦੀ ਧਰਤੀ ਅੱਜ ਸੰਘਰਸ਼ਾਂ ਦਾ ਮੈਦਾਨ ਬਣ ਗਈ ਹੈ। ਇਸ ਮੌਕੇ ਸੂਬਾ ਕਮੇਟੀ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਲੋਕ ਸਭਾ ਚੋਣਾਂ ਦੌਰਾਨ ਕੇਂਦਰ ਦੀ ਬੀਜੇਪੀ ਅਤੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦਾ ਵੋਟਾਂ ਵਿੱਚ ਬਾਈਕਾਟ ਕੀਤਾ ਜਾਵੇਗਾ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ 13 ਲੋਕ ਸਭਾ ਉਮੀਦਵਾਰਾਂ ਪਾਸੋਂ ਪੁਰਾਣੀ ਪੈਨਸ਼ਨ ਅਤੇ ਹੋਰ ਮੁਲਾਜ਼ਮ ਮੰਗਾਂ ਸਬੰਧੀ ਸਵਾਲ ਪੁੱਛੇ ਜਾਣਗੇ।