ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ‘ਤੇ ਅੱਜ ਜਿਲ੍ਹਾ ਜਲੰਧਰ ਨਾਲ ਸਬੰਧਤ ਜਥੇਬੰਦੀਆਂ ਨੇ ਇਥੇ ਡਿਪਟੀ ਕਮਿਸ਼ਨਰ ਜਲੰਧਰ ਦੇ ਦਫਤਰ ਅੱਗੇ ਧਰਨਾ ਲਾਕੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਕੇ ਮੰਗ ਕੀਤੀ ਕਿ ਬੇਜਮੀਨੇ ਮਜਦੂਰਾਂ ਦੇ ਰੁਜਗਾਰ ਦਾ ਪੱਕਾ ਪ੍ਰਬੰਧ ਕੀਤਾ ਜਾਵੇ, ਮਨਰੇਗਾ ਸਕੀਮ ਸਮੇਤ ਮਜਦੂਰਾਂ ਨੂੰ ਪ੍ਰਤੀ ਦਿਨ ਦਿਹਾੜੀ 700/- ਰੂਪੈ ਦਿੱਤੀ ਜਾਵੇ, ਪੰਚਾਇਤੀ ਜਮੀਨਾਂ ‘ਚੋਂ ਬਣਦੇ ਤੀਜੇ ਹਿੱਸੇ ਦੀ ਦਲਿਤਾਂ ਨੂੰ ਦੇਣਾ ਯਕੀਨੀ ਬਣਾਇਆ ਜਾਵੇ,ਮਜਦੂਰਾਂ ਦੀ ਮੁਕੰਮਲ ਕਰਜ਼ਾ ਮਾਫੀ ,ਰਿਹਾਇਸ਼ੀ ਪਲਾਟ ਲੈਣ ਆਦਿ ਵਰਗੀਆਂ ਭਖਦੀਆਂ ਮੰਗਾਂ ਤੁਰੰਤ ਮੰਨਣ ਦੀ ਮੰਗ ਕੀਤੀ ।ਪੰਜਾਬ ਖੇਤ ਮਜ਼ਦੂਰ ਯੂਨੀਅਨ ,ਦਿਹਾਤੀ ਮਜਦੂਰ ਸਭਾ ,ਪੇਂਡੂ ਮਜਦੂਰ ਯੂਨੀਅਨ ਪੰਜਾਬ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੈਂਕੜੇ ਮਰਦ ਔਰਤਾਂ ਨੇ ਧਰਨਾ ਮੁਜ਼ਾਹਰਾ ਕਰਕੇ 12 ਸਤੰਬਰ ਤੋਂ ਸੰਗਰੂਰ ਵਿੱਚ ਪੱਕਾ ਮੋਰਚਾ ਲਾਉਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਬੋਲਦਿਆਂ ਸਰਬਸਾਥੀ ਦਰਸ਼ਨ ਨਾਹਰ ,ਹਰਮੇਸ਼ ਮਾਲੜੀ , ਤਰਸੇਮ ਪੀਟਰ ਅਤੇ ਸਿਕੰਦਰ ਸਿੰਘ ਸੰਧੂ ਨੇ ਕਿਹਾ ਕਿ ਬਦਲਾਅ ਦਾ ਨਾਹਰਾ ਦੇਕੇ ਰਾਜਗੱਦੀ ‘ਤੇ ਬੈਠੀ ਭਗਵੰਤ ਮਾਨ ਦੀ ਸਰਕਾਰ ਨੇ ਕੋਈ ਬਦਲਾਅ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਸਮਾਜ ਦੇ ਸਭ ਤੋਂ ਨਪੀੜੇ ਦਲਿਤ ਮਜਦੂਰਾਂ ਦੀਆਂ ਮੰਗਾਂ ਪ੍ਰਤੀ ਸੂਬਾ ਸਰਕਾਰ ਨੇ ਘੇਸਲ ਮਾਰੀ ਹੋਈ ਹੈ ਉਹਨਾਂ ਕਿਹਾ ਕਿ ਮਜਦੂਰ ਆਪਣੇ ਹੱਕਾਂ ਲਈ ਆਉਂਦੇ ਦਿਨਾਂ ‘ਚ ਤਿੱਖੇ ਸ਼ੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਗੇ ।ਅੱਜ ਦੇ ਧਰਨੇ ‘ਚ ਮਜਦੂਰਾਂ ਨੇ ਵਿਸ਼ੇਸ਼ ਮਤੇ ਰਾਹੀਂ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਬਿਜਲੀ ਸੋਧ ਲਿਆਉਣ ,ਅਗਨੀਪੱਥ ਸਕੀਮ ਰਾਹੀਂ ਨੌਜਵਾਨਾਂ ਦੇ ਰੁਜਗਾਰ ‘ਤੇ ਡਾਕਾ ਮਾਰਨ ਅਤੇ ਮਨਰੇਗਾ ਦਾ ਕੇਂਦਰੀ ਬਜਟ ਘਟਾਉਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ।ਉਨ੍ਹਾਂ ਕੇਂਦਰ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਪਾਸੇ ਆਜਾਦੀ ਦੀ ਪੰਝਤਰੀਂ ਵਰ੍ਹੇ ਗੰਢ ਨੂੰ ਮਹਾਂ ਉਤਸਵ ਵਰਗੇ ਲਕਬ ਵਰਤ ਗਰੀਬਾਂ ਨੂੰ ਭੁਚਲਾਇਆ ਜਾ ਰਿਹਾ,ਦੂਜੇ ਉਨ੍ਹਾਂ ਦੇ ਹੱਕਾਂ ‘ਤੇ ਡਾਕੇ ਮਾਰੇ ਜਾ ਰਹੇ ਹਨ ।
ਇਸ ਮੌਕੇ ਸਾਥੀ ਕਸ਼ਮੀਰ ਸਿੰਘ ਘੁੱਗਸ਼ੋਰ ,ਹਰਪਾਲ ਬਿੱਟੂ ,ਸੁਖਜਿੰਦਰ ਲਾਲੀ ,ਹੰਸਰਾਜ ਪੱਬਵਾ ,ਨਿਰਮਲ ਸਿੰਘ ਮਲਸੀਆਂ ਪਰਮਜੀਤ ਰੰਧਾਵਾ, ਜੀ ਐੱਸ ਅਟਵਾਲ,ਬਲਦੇਵ ਸਿੰਘ ਨੂਰਪੁਰੀ ਅਤੇ ਬੀਰੂ ਕਰਤਾਰ ਪੁਰ ਆਦਿ ਨੇ ਵੀ ਸੰਬੋਧਨ ਕੀਤਾ।