ਆਪਣਾ ਸਾਰਾ ਜੀਵਨ ਸਮਾਜ ਅੰਦਰ ਲੋਕਾਂ ਨਾਲ ਆਪਸੀ ਪਿਆਰ, ਚੰਗਾ ਮੇਲ-ਮਿਲਾਪ ਅਤੇ ਮਨੁੱਖਤਾ ਦੀ ਸੇਵਾ ਨੂੰ ਹੀ ਕੀਤਾ ਸਮਰਪਿਤ
ਜੰਮਣਾ ਮਰਨਾ ਪ੍ਰਮਾਤਮਾ ਦੇ ਭਾਣੇ ਵਿੱਚ ਹੈ, ਰੱਬ ਦੀ ਰਜ਼ਾ ‘ਚ ਜੇਹੜਾ ਜੀਵ ਜਗਤ ਵਿੱਚ ਜੰਮਦਾ ਹੈ ਉਸ ਨੂੰ ਜੰਮਣ ਤੋਂ ਕੋਈ ਰੋਕ ਨਹੀਂ ਸਕਦਾ, ਜੇਹੜਾ ਮਰ ਕੇ ਇਥੋਂ ਜਾਣ ਲਗਦਾ ਹੈ ਉਸ ਨੂੰ ਕੋਈ ਰੋਕ ਕੇ ਰੱਖ ਨਹੀਂ ਸਕਦਾ। ਸਭ ਨੇ ਆਪਣੇ ਸਮੇਂ ਸਮੇਂ ਤੇ ਇਥੋਂ ਕੂਚ ਕਰਨਾ ਹੈ, ਮੌਤ ਦਾ ਸਮਾਂ ਤੇ ਕਾਰਨ ਭਾਵੇਂ ਕੋਈ ਵੀ ਹੋਵੇ ਇਸ ਨੂੰ ‘ਅਕਾਲ ਪੁਰਖ ਦਾ ਭਾਣਾ ਕਰਕੇ ਹੀ ਪ੍ਰਵਾਨ ਕੀਤਾ ਜਾਂਦਾ ਹੈ। ਬੰਦੇ ਦੇ ਕੀਤੇ ਹੋਏ ਗੁਣਾਂ ਕਾਰਨ ਮੌਤ ਉਸੇ ਤਰ੍ਹਾਂ ਦਾ ਮਗਰ ਦੁੱਖ ਛੱਡ ਜਾਂਦੀ ਹੈ। ਇਕ ਮੌਤ ਘਰ ਦੀਆਂ ਬਰੂਹਾਂ ਤੱਕ ਮਹਿਸੂਸ ਹੁੰਦੀ ਹੈ। ਇਕ ਨੇਕ ਗੁਣਾਂ ਵਾਲੇ ਚੰਗੇ ਇਨਸਾਨ ਦੀ ਮੌਤ ਦਾ ਦਰਦ ਲੋਕਾਂ ਦੇ ਮਨਾਂ ਉੱਤੇ ਅਨੁਭਵ ਹੋਣ ਤੋਂ ਇਲਾਵਾ ਪਿੰਡ ਅਤੇ ਇਲਾਕੇ ਦੀਆਂ ਜੂਹਾਂ ਤੱਕ ਗਹਿਰੇ ਨਿਸ਼ਾਨ ਛੱਡ ਜਾਂਦੀ ਹੈ। ਪ੍ਰਮਾਤਮਾ ਦੇ ਬਖਸ਼ੇ ਹੋਏ ਨੇਕ ਗੁਣਾਂ ਦੀ ਦਾਤ ‘ਚੋਂ ਚੰਗੀ ਲਿਆਕਤ, ਮਿੱਠ ਬੋਲੜੇ ਤੇ ਨੇਕ ਸੁਭਾਅ ਦੇ ਮਾਲਕ ਸ. ਚਰਨਜੀਤ ਸਿੰਘ ਗਰਚਾ ਸਨ, ਜਿਨ੍ਹਾਂ ਨੂੰ ਸਾਰੇ ਪਿਆਰ ਨਾਲ ਬਾਪੂ ਜੀ ਕਹਿ ਕੇ ਬੁਲਾਉਂਦੇ ਸਨ। ਉਹ ਜਿੰਦਗੀ ਦੇ ਸਮੇਂ ਵਿੱਚ ਅਜਿਹੇ ਨਿੱਘੇ ਪਿਆਰ ਦੀਆਂ ਅਮਿਟ ਪੈੜਾਂ ਵਾਲੀ ਸਾਂਝ ਛੱਡ ਗਏ, ਜਿਸਨੂੰ ਹਮੇਸ਼ਾਂ ਹੀ ਯਾਦ ਰੱਖਿਆ ਜਾਵੇਗਾ।
ਸ. ਚਰਨਜੀਤ ਸਿੰਘ ਗਰਚਾ ਦਾ ਜਨਮ ਪਿੰਡ ਰਾਜੇਵਾਲ, ਨੇੜੇ ਕੁੱਲੇਵਾਲ, ਤਹਿਸੀਲ ਸਮਰਾਲਾ, ਜਿਲ੍ਹਾ ਲੁਧਿਆਣਾ (ਪੰਜਾਬ) ਵਿੱਚ ਮਾਤਾ ਗੁਰਦਿਆਲ ਕੌਰ ਦੀ ਕੁੱਖ ਤੋਂ ਪਿਤਾ ਸੰਤ ਸਿੰਘ ਦੇ ਗ੍ਰਹਿ ਵਿਖੇ ਮਿਤੀ 01/04/1935 ਨੂੰ ਹੋਇਆ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸਮਾਜ ਅੰਦਰ ਲੋਕਾਂ ਨਾਲ ਆਪਸੀ ਪਿਆਰ, ਚੰਗਾ ਮੇਲ-ਮਿਲਾਪ ਅਤੇ ਮਨੁੱਖਤਾ ਦੀ ਸੇਵਾ ਨੂੰ ਹੀ ਸਮਰਪਿਤ ਕੀਤਾ। ਬਾਪੂ ਜੀ ਸੁਰਤ-ਸੰਭਾਲ ਤੋ ਗੁਰਸਿੱਖੀ ਜੀਵਨ ਵਾਲੇ ਤੇ ਪੱਕੇ ਨਿੱਤਨੇਮੀ ਸਨ। ਉਨ੍ਹਾਂ ਨੇ 33 ਸਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਰਾਭਾ ਨਗਰ, ਲੁਧਿਆਣਾ ਵਿਖੇ ਸੇਵਾ ਕੀਤੀ। ਬਾਪੂ ਜੀ ਬਹੁਤ ਹੀ ਮਿੱਠ ਬੋਲੜੇ ਅਤੇ ਨੇਕ ਸੁਭਾਅ ਦੇ ਮਾਲਕ ਸਨ। ਅਕਾਲ ਪੁਰਖ ਵਾਹਿਗੁਰੂ ਜੀ ਦੀ ਉਨ੍ਹਾਂ ਤੇ ਇਤਨੀ ਅਪਾਰ ਕਿਰਪਾ ਸੀ ਕਿ 90 ਸਾਲ ਦੀ ਉਮਰ ਵਿੱਚ ਵੀ ਉਹ ਪੂਰੀ ਤਰਾਂ ਤੰਦਰੁਸਤ ਸਨ ਅਤੇ ਸਾਈਕਲ ਚਲਾ ਕੇ ਹੀ ਆਇਆ ਜਾਇਆ ਕਰਦੇ ਸਨ। ਉਹ ਆਪਣੇ ਹੱਸਦੇ ਵੱਸਦੇ ਪਰਿਵਾਰ ‘ਚ ਆਪਣੇ ਧੀਆਂ-ਪੁੱਤਰਾਂ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ, ਪੜਪੋਤੇ-ਪੜਪੋਤੀਆਂ, ਪੜਦੋਹਤੇ-ਪੜਦੋਹਤੀਆਂ ਨਾਲ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਸਨ।
ਬਾਪੂ ਜੀ ਅਕਾਲ ਪੁਰਖ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਸੰਪੂਰਣ ਕਰਦਿਆਂ ਮਿਤੀ 16 ਫਰਵਰੀ 2024, ਦਿਨ ਸ਼ੁੱਕਰਵਾਰ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵਲੋਂ ਗ੍ਰਹਿ ਮਕਾਨ ਨੰ. 67, ਗਲੀ ਨੰ. 3, ਸੁਖਦੇਵ ਨਗਰ, ਭਾਮੀਆਂ ਰੋਡ, ਪਿੰਡ ਕੁਲੀਆਵਾਲ, ਜਮਾਲਪੁਰ, ਲੁਧਿਆਣਾ ਵਿਖੇ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅੱਜ ਮਿਤੀ 25 ਫਰਵਰੀ 2024 ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਕੁਟੀਆ ਸਾਹਿਬ, ਨੇੜੇ ਗਊਸ਼ਾਲਾ, ਜਮਾਲਪੁਰ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਹੋਵੇਗੀ।