ਢਾਬੇ ਤੋਂ ਖਾਣਾ ਖਾ ਕੇ ਘਰ ਆ ਰਹੇ ਸੀ ਵਾਪਸ
ਸੋਗ ਵਜੋਂ ਕਸਬਾ ਚੋਹਲਾ ਸਾਹਿਬ ਦੇ ਬਜ਼ਾਰ ਰਹੇ ਬੰਦ
ਚੋਹਲਾ ਸਾਹਿਬ/ਤਰਨਤਾਰਨ, 18 ਅਪ੍ਰੈਲ (ਰਾਕੇਸ਼ ਨਈਅਰ) : ਜ਼ਿਲ੍ਹਾ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਦੇ ਨਜ਼ਦੀਕ ਸੋਮਵਾਰ ਦੇਰ ਰਾਤ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ।ਮ੍ਰਿਤਕਾਂ ਵਿੱਚ ਦੋ ਨੌਜਵਾਨ ਕਸਬਾ ਚੋਹਲਾ ਸਾਹਿਬ ਦੇ ਰਹਿਣ ਵਾਲੇ ਸਨ ਜਦਕਿ ਇੱਕ ਨੌਜਵਾਨ ਜਿਸ ਵਲੋਂ ਕਾਰ ਵਿੱਚ ਲਿਫਟ ਮੰਗੀ ਗਈ ਸੀ ਨਜ਼ਦੀਕੀ ਪਿੰਡ ਰੱਤੋਕੇ ਦਾ ਰਹਿਣ ਵਾਲਾ ਸੀ।ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਨੇ ਹਸਪਤਾਲ ਵਿੱਚ ਪਹੁੰਚਣ ਤੋਂ ਬਾਅਦ ਦਮ ਤੋੜ ਦਿੱਤਾ। ਤਿੰਨਾਂ ਨੌਜਵਾਨਾਂ ਦਾ ਮੰਗਲਵਾਰ ਬਾਅਦ ਦੁਪਹਿਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਮ੍ਰਿਤਕ ਨੌਜਵਾਨਾਂ ਦੀ ਮੌਤ ਦੇ ਸੋਗ ਵਜੋਂ ਕਸਬਾ ਚੋਹਲਾ ਸਾਹਿਬ ਦੇ ਬਜ਼ਾਰ ਵੀ ਬੰਦ ਰਹੇ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਕੁਸ਼ ਨਈਅਰ ਪੁੱਤਰ ਰਮੇਸ਼ ਕੁਮਾਰ ਵਾਸੀ ਚੋਹਲਾ ਸਾਹਿਬ ਜੋ ਕਿ ਰੈਡੀਮੇਡ ਗਾਰਮੈਂਟਸ ਦਾ ਕੰਮ ਕਰਦਾ ਸੀ ਆਪਣੀ ਮਾਸੀ ਦੇ ਬੇਟੇ ਜਤਿਨ ਪੁੱਤਰ ਪਵਨ ਕੁਮਾਰ ਜੋ ਉਨ੍ਹਾਂ ਦੇ ਪਰਿਵਾਰ ਨਾਲ ਹੀ ਰਹਿੰਦਾ ਸੀ,ਨੂੰ ਘਰੋਂ ਨਾਲ ਲੈਕੇ ਆਪਣੀ ਕਾਰ ‘ਤੇ ਨਜ਼ਦੀਕ ਸਰਹਾਲੀ ਢਾਬੇ ‘ਤੇ ਖਾਣਾ ਖਾਣ ਲਈ ਗਏ।ਖਾਣਾ ਖਾਣ ਤੋਂ ਬਾਅਦ ਜਦ ਵਾਪਸ ਆਉਣ ਲੱਗੇ ਤਾਂ ਢਾਬੇ ‘ਤੇ ਹੀ ਖੜ੍ਹੇ ਇੱਕ ਹੋਰ ਨੌਜਵਾਨ ਨਿਸ਼ਾਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਰੱਤੋਕੇ ਵਲੋਂ ਉਨ੍ਹਾਂ ਦੀ ਕਾਰ ‘ਤੇ ਲਿਫਟ ਮੰਗੀ ਗਈ।ਤਿੰਨੇ ਨੌਜਵਾਨ ਜਦ ਵਾਪਸ ਘਰ ਨੂੰ ਆ ਰਹੇ ਸਨ ਤਾਂ ਪਿੰਡ ਬਿੱਲਿਆਂ ਵਾਲਾ ਦੇ ਨਜ਼ਦੀਕ ਅਚਾਨਕ ਕਾਰ ਦਾ ਸੰਤੁਲਨ ਵਿਗੜ ਜਾਣ ਕਰਕੇ ਕਾਰ ਬੇਕਾਬੂ ਹੋ ਕੇ ਪਲਟੀ ਖਾਂਦੀ ਹੋਈ ਦਰਖਤ ਨਾਲ ਜਾ ਟਕਰਾਈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਲਾ ਰਹੇ ਅੰਕੁਸ਼ ਨਈਅਰ ਅਤੇ ਨਾਲ ਬੈਠੇ ਉਸਦੇ ਮਾਸੀ ਦੇ ਬੇਟੇ ਜਤਿਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਕਾਰ ਦੀ ਪਿਛਲੀ ਸੀਟ ਤੇ ਬੈਠੇ ਲਿਫਟ ਲੈਣ ਵਾਲੇ ਨਿਸ਼ਾਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਰੱਤੋਕੇ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ।ਦੱਸਿਆ ਜਾਂਦਾ ਹੈ ਕਿ ਹਾਦਸੇ ਤੋਂ ਬਾਅਦ ਕਾਰ ਇੰਨੀਂ ਜ਼ਿਆਦਾ ਨੁਕਸਾਨੀ ਗਈ ਕਿ ਅਗਲੀਆਂ ਸੀਟਾਂ ਤੇ ਬੈਠੇ ਦੋਹਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਦੋ ਘੰਟੇ ਦੀ ਭਾਰੀ ਜੱਦੋਜਹਿਦ ਤੋਂ ਬਾਅਦ ਬਾਹਰ ਕੱਢਿਆ ਗਿਆ।
ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਮਾਤਮ ਦਾ ਮਾਹੌਲ ਹੈ ਅਤੇ ਸੋਗ ਵਜੋਂ ਕਸਬੇ ਦੇ ਸਮੂਹ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ।ਇਸ ਹਾਦਸੇ ਵਿੱਚ ਮ੍ਰਿਤਕ ਅੰਕੁਸ਼ ਨਈਅਰ ਆਪਣੇ ਪਿੱਛੇ ਤਿੰਨ ਮਹੀਨੇ ਦੇ ਬੇਟੇ ਤੋਂ ਇਲਾਵਾ ਆਪਣੀ ਵਿਧਵਾ ਪਤਨੀ ਨੂੰ ਛੱਡ ਗਿਆ। ਜਦਕਿ ਉਸਦੀ ਮਾਸੀ ਦਾ ਬੇਟਾ ਮ੍ਰਿਤਕ ਜਤਿਨ ਅਜੇ ਕੁਆਰਾ ਸੀ ਅਤੇ ਪੜ੍ਹਾਈ ਕਰ ਰਿਹਾ ਸੀ। ਮ੍ਰਿਤਕ ਨਿਸ਼ਾਨ ਸਿੰਘ ਵੀ ਆਪਣੇ ਪਿੱਛੇ ਦੋ ਬੇਟੀਆਂ ਅਤੇ ਇੱਕ ਬੇਟੇ ਤੋਂ ਇਲਾਵਾ ਵਿਧਵਾ ਪਤਨੀ ਨੂੰ ਛੱਡ ਗਿਆ ਹੈ।