ਜਲੰਧਰ, 25 ਮਈ (ਅਮਨਦੀਪ ਸਿੰਘ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ 26 ਅਤੇ 27 ਮਈ ਨੂੰ ਸੂਬਾ ਭਾਜਪਾ ਹੈੱਡਕੁਆਰਟਰ ਸੈਕਟਰ 37-ਏ ਚੰਡੀਗੜ੍ਹ ਵਿਖੇ ਦੋ ਰੋਜ਼ਾ ਸਿਖਲਾਈ ਕੈਂਪ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਰਾਜੇਸ਼ ਬਾਘਾ ਨੇ ਦੱਸਿਆ ਕਿ ਇਸ ਸਿਖਲਾਈ ਕੈਂਪ ਵਿੱਚ ਭਾਜਪਾ ਦੇ ਨਵੇਂ ਸ਼ਾਮਲ ਹੋਏ ਵਰਕਰਾਂ ਨੂੰ ਸੰਗਠਨ ਦੀ ਵਿਚਾਰਧਾਰਾ ਅਤੇ ਸੰਗਠਨ ਦੇ ਸੇਵਾ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।
ਰਾਜੇਸ਼ ਬਾਘਾ ਨੇ ਕਿਹਾ ਕਿ ਇਸ ਦੋ ਰੋਜਾ ਸਿਖਲਾਈ ਕੈਂਪ ‘ਚ ਭਾਜਪਾ ਦੇ ਕੌਮੀ ਸੰਗਠਨ ਜਨਰਲ ਸਕੱਤਰ ਬੀ.ਐਲ. ਸੰਤੋਸ਼ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਣਗੇ, ਜੋ ਨਵੇਂ ਵਰਕਰਾਂ ਨੂੰ ਸੰਗਠਨ ਨਾਲ ਸਬੰਧਤ ਜਾਣਕਾਰੀ ਦੇਣ ਦੇ ਨਾਲ-ਨਾਲ ਉਨ੍ਹਾਂ ਦਾ ਮਾਰਗਦਰਸ਼ਨ ਕਰਨਗੇI ਇਹ ਸਿਖਲਾਈ ਕੈਂਪ 26 ਮਈ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ ਅਤੇ 27 ਮਈ ਸ਼ਾਮ 6 ਵਜੇ ਤੱਕ ਚੱਲੇਗਾ। ਇਸ ਦੋ ਰੋਜ਼ਾ ਕੈਂਪ ਦੌਰਾਨ ਬੀਐਲ ਸੰਤੋਸ਼ ਦੇ ਨਾਲ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ, ਕੌਮੀ ਜਨਰਲ ਸਕੱਤਰ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ, ਕੌਮੀ ਸਕੱਤਰ ਅਤੇ ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਡਾ. ਨਰੇਂਦਰ ਸਿੰਘ ਰੈਨਾ, ਸਿਖਲਾਈ ਕੈੰਪ ਦੇ ਕੌਮੀ ਇੰਚਾਰਜ ਮੁਰਲੀ ਧਰਨ ਵੀ ਮੌਜੂਦ ਰਹਿਣਗੇ। ਇਸ ਵਿੱਚ ਕੁੱਲ 8 ਸੈਸ਼ਨ ਹੋਣਗੇ। ਇਨ੍ਹਾਂ ਕੈਂਪਾਂ ਵਿੱਚ ਇਸ ਵਾਰ ਚੋਣ ਲੜ ਰਹੇ ਨਵੇਂ ਲੋਕ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਇਸ ਕੈਂਪ ਵਿੱਚ 150 ਤੋਂ ਵੱਧ ਡੈਲੀਗੇਟ ਭਾਗ ਲੈਣਗੇ।