ਦੋਬੁਰਜੀ, 20 ਦਿਸੰਬਰ (ਕੰਵਲਜੀਤ ਸਿੰਘ ਲਾਡੀ) : ਸਥਾਨਕ ਕਸਬੇ ਦੋਬੁਰਜੀ ਦੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਬਤੌਰ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾ ਰਹੇ ਭਾਈ ਰਾਮ ਸਿੰਘ ਜੀ ਵੱਲੋਂ ਗੁਰੂ ਘਰਾਂ ਵਿੱਚ ਨਿਰੰਤਰ ਸੇਵਾ ਕਰਦਿਆਂ 25 ਸਾਲ ਹੋਣ ‘ਤੇ ਸ਼ੁਕਰਾਨੇ ਸਮਾਗਮ ਕਰਵਾਇਆ ਗਿਆ। ਉਕਤ ਸਮਾਗਮ ਵਿੱਚ ਕੀਰਤਨ ਦੀ ਹਾਜ਼ਰੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ(ਅੰਮ੍ਰਿਤਸਰ) ਭਾਈ ਸ਼ੌਕੀਨ ਸਿੰਘ ਦੇ ਜਥੇ ਵੱਲੋਂ ਲਗਵਾਈ ਗਈ। ਉਪਰੰਤ ਜਨਰਲ ਸਕੱਤਰ ਸਿੱਖ ਪ੍ਰਚਾਰ ਸੰਸਥਾ, ਸ਼੍ਰੀ ਆਕਾਲ ਤਖਤ ਸਾਹਿਬ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਆਜ਼ਾਦ ਨੇ ਕਥਾ ਰਾਹੀਂ ਗੁਰਮਤ ਵਿਚਾਰਾਂ ਦੀ ਸਾਂਝ ਪਾਈ। ਸਿੱਖ ਪੰਥ ਦੇ ਮਹਾਨ ਢਾਡੀ ਭਾਈ ਸਾਹਿਬ ਭਾਈ ਪੂਰਨ ਸਿੰਘ ਅਰਸ਼ੀ ਜੀ ਨੇ ਆਪਣੇ ਜਥੇ ਦੇ ਨਾਲ ਢਾਡੀ ਵਾਰਾਂ ਰਾਹੀਂ ਇਤਿਹਾਸ ਦੀਆਂ ਬਾਤਾਂ ਪਾਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਚਾਰਕ ਗਿਆਨੀ ਅਮਰ ਸਿੰਘ ਜੀ ਅਤੇ ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਸਮਾਗਮ ਦੇ ਅਖੀਰ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਮਲੇਰਕੋਟਲੇ ਤੋਂ ਸ਼੍ਰੀ ਜ਼ਮੀਰ ਅਲੀ ਜ਼ਮੀਰ ਅਤੇ ਜੰਡਿਆਲਾ ਗੁਰੂ ਤੋਂ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਜੀ ਨੇ ਕਵਿਤਾਵਾਂ ਰਾਹੀਂ ਭਾਈ ਰਾਮ ਸਿੰਘ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਸਮੁੱਚੇ ਸਮਾਗਮ ‘ਚ ਸਟੇਜ ਸਕੱਤਰ ਦੀ ਭੂਮਿਕਾ ਪੰਥਕ ਕਵੀ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਨੇ ਨਿਭਾਈ। ਸਮਾਗਮ ਦੌਰਾਨ ਸ਼੍ਰੋਮਣੀ ਪੰਥਕ ਕਵੀ ਸਭਾ (ਪੰਜਾਬ) ਦੇ ਸਰਪ੍ਰਸਤ ਰਛਪਾਲ ਸਿੰਘ ਪਾਲ, ਪ੍ਰਧਾਨ ਬਲਬੀਰ ਸਿੰਘ ਬੱਲ, ਮੀਤ ਪ੍ਰਧਾਨ ਅਵਤਾਰ ਸਿੰਘ ਤਾਰੀ, ਜਨਰਲ ਸਕੱਤਰ ਡਾ. ਹਰੀ ਸਿੰਘ ਜਾਚਕ ਅਤੇ ਸਕੱਤਰ ਕਰਮਜੀਤ ਸਿੰਘ ਨੂਰ ਦੇ ਮਿਲੇ ਸੁਨੇਹੇ ਤਹਿਤ ਸਭਾ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਅਤੇ ਕਾਰਜਕਾਰੀ ਮੈਂਬਰ ਸ਼੍ਰੀ ਜ਼ਮੀਰ ਅਲੀ ਜ਼ਮੀਰ ਵੱਲੋਂ, ਭਾਈ ਲਖਵਿੰਦਰ ਸਿੰਘ ਪ੍ਰਧਾਨ ਅਤੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ, ਦੋਬੁਰਜੀ ਵੱਲੋਂ, ਗੁਰਦੁਆਰਾ ਬਾਬਾ ਜੀਵਨ ਸਿੰਘ ਬਾਬਾ ਸੰਗਤ ਸਿੰਘ ਪਿੰਡ ਉਦੋਕੇ, ਸ਼੍ਰੀ ਗੁਰੂ ਰਾਮਦਾਸ ਨਿਸ਼ਕਾਮ ਗੁਰਮਤਿ ਸੰਗੀਤ ਅਕੈਡਮੀ ਪਿੰਡ ਉੱਦੋਕੇ ਵੱਲੋਂ ਭਾਈ ਰਾਮ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।