ਭੁੰਨਰਹੇੜੀ,ਪਟਿਆਲਾ 3 ਸਤੰਬਰ (ਕ੍ਰਿਸ਼ਨ ਗਿਰ) ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੀਆਂ ਸਰਹੱਦਾਂ ਤੇ ਲਗਾਏ ਗਏ ਧਰਨੇ ਨੂੰ ਸਮਰਥਨ ਦਿੰਦਿਆਂ ਹਲਕਾ ਸਨੌਰ ਦੇ ਨੌਜਵਾਨਾਂ ਵੱਲੋਂ ਕਸਬਾ ਬਲਬੇਡ਼ਾ ਵਿਖੇ ਆਰੰਭੀ “ਜ਼ਮੀਰ ਜਗਾਓ ਦਿੱਲੀ ਜਾਓ” ਮੁਹਿੰਮ ਤਹਿਤ ਅੱਜ ਭਰਵੀਂ ਬਰਸਾਤ ਵਿੱਚ ਵੀ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਦਿਆਂ ਲੋਕਾਂ ਨੂੰ ਕਿਸਾਨੀ ਧਰਨੇ ਵਿਚ ਸ਼ਿਰਕਤ ਕਰਨ ਦੀ ਅਪੀਲ ਕੀਤੀ। ਭਰਵੀਂ ਬਰਸਾਤ ਵਿਖੇ ਕਸਬਾ ਬਲਬੇੜਾ ਦੇ ਮੁੱਖ ਬਜਾਰ ਵਿਚ ਡਟੇ ਭੁਪਿੰਦਰ ਸਿੰਘ ਮਿੱਠੂ, ਰਣਧੀਰ ਸਿੰਘ ਭੋਲਾ, ਲਵਜੋਤ ਸਿੰਘ ਲਵੀ, ਸਤਬੀਰ ਸਿੰਘ ਤੇ ਹੋਰਨਾਂ ਨੇ ਆਖਿਆ ਕਿ ਕਿਸਾਨ ਮੋਰਚੇ ਦੀ ਕਾਮਯਾਬੀ ਲਈ ਲੋਕਾਂ ਨੂੰ ਦਿੱਲੀ ਧਰਨੇ ਚ ਜਾਣ ਬਾਰੇ ਜਾਗਰੂਕ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਆਰੰਭੀ ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਤਹਿਤ ਵੱਡੇ ਪੱਧਰ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤਾਂਕਿ ਕਿਸਾਨ ਧਰਨੇ ਚ ਕਿਸਾਨਾਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਕਿਸਾਨੀ ਸੰਘਰਸ਼ ਸਮਾਪਤ ਨਹੀਂ ਹੋ ਜਾਂਦਾ। ਇਸ ਮੌਕੇ ਭੁਪਿੰਦਰ ਸਿੰਘ ਮਿੱਠੂ, ਰਣਧੀਰ ਸਿੰਘ ਭੋਲਾ, ਲਵਜੋਤ ਸਿੰਘ ਲਵੀ, ਸਤਬੀਰ ਸਿੰਘ, ਕਰਮਜੀਤ ਸਿੰਘ, ਨਿਟੂ ਸਿੰਘ, ਬਲਵਿੰਦਰ ਸਿੰਘ, ਮਨਜੋਤ ਸਿੰਘ ਤੇ ਹੋਰ ਵੀ ਨੋਜਵਾਨ ਹਾਜਰ ਸਨ।