ਜੰਡਿਆਲਾ ਗੁਰੂ, 26 ਅਕਤੂਬਰ (ਕੰਵਲਜੀਤ ਸਿੰਘ) : ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ ਓਨਟਾਰੀਓ (ਕੇਨੈਡਾ) ਦੀ ਰਹਿਨੁਮਾਈ ਹੇਠ ਚੱਲ ਰਹੇ ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਮਾਨਾਂਵਾਲਾ ਵੱਲੋਂ ਤਿੰਨ ਰੋਜ਼ਾ ਕੰਨਟੀਨਿਊਟੀ ਰੀਹੈਬੀਲੇਸ਼ਨ ਐਜੂਕੇਸ਼ਨ ਉੱਪਰ ਆਫ ਲਾਈਨ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪ੍ਰੋਗਰਾਮ ਦਾ ਆਗਾਜ਼ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ: ਇੰਦਰਜੀਤ ਕੌਰ ਅਤੇ ਪ੍ਰੀਤਇੰਦਰ ਕੌਰ ਸੁਸਾਇਟੀ ਮੈਂਬਰ ਨੇ ਸਾਂਝੇ ਤੌਰ ‘ਤੇ ਸ਼ਮਾ ਰੌਸ਼ਨ ਕਰਕੇ ਕੀਤਾ।
ਉਨ੍ਹਾਂ ਕਿਹਾ ਕਿ ਪਿੰਗਲਵਾੜਾ ਸੰਸਥਾ ਵੀ ਇਹ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ ਅਤੇ ਇਸ ਪ੍ਰੋਗਰਾਮ ਵਿੱਚ ਵੱਖ ਵੱਖ ਰਾਜਾਂ ਤੋਂ ਬੱਚੇ ਕੁਝ ਨਵਾਂ ਸਿੱਖਣ ਲਈ ਆਏ ਹਨ, ਉਨ੍ਹਾਂ ਕਿਹਾ ਕਿ ਇਸ ਵਿੱਚ ਕੁੱਲ 201 ਬੱਚਿਆਂ ਨੇ ਰਜਿਸਟਰੇਸ਼ਨ ਕਰਵਾਈ ਹੈ ਅਤੇ ਇਸ ਦਾ ਲਾਭ ਲੈਣ ਵਾਲਿਆ ਨੂੰ ਪਿੰਗਲਵਾੜਾ ਸੰਸਥਾ ਵੱਲੋਂ ਵੀ ਰਿਹਾਇਸ਼ ਤੇ ਖਾਣੇ ਦੀ ਸੁਵਿਧਾ ਉਪਲੱਬਧ ਕਰਾਈ ਗਈ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਪੈਸ਼ਲ ਐਜੂਕੇਟਰ ਲਈ ਸਮੇਂ ਸਮੇਂ ‘ਤੇ ਬਹੁਤ ਜ਼ਰੂਰੀ ਹਨ ਤਾਂ ਜੋ ਉਹ ਨਵੀਆਂ ਵਿਧੀਆਂ ਤੇ ਢੰਗ ਤਰੀਕਿਆਂ ਨਾਲ ਸਪੈਸ਼ਲ ਬੱਚਿਆਂ ਨੂੰ ਸਿਖਾ ਸਕਣ ਜੋ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਸਹਾਇਕ ਹੋਵੇ।
ਇਸ ਮੌਕੇ ਕੋਰਸ ਕੁਆਰਡੀਨੇਟਰ ਸੁਨੀਤਾ ਨਈਅਰ ਨੇ ਕਿਹਾ ਕਿ ਤਿੰਨ ਦਿਨਾਂ ਵਿੱਚ ਵੱਖ ਵੱਖ ਥਾਵਾਂ ਤੋਂ ਟੀਚਿੰਗ ਸਟਾਫ ਆ ਕੇ ਇੰਨ੍ਹਾਂ ਬੱਚਿਆਂ ਨੂੰ ਨਵੀਂ ਨਵੀਂ ਜਾਣਕਾਰੀ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਤੇ ਡਾ: ਸਤਿਆਵਤ ਪਾਣੀਗ੍ਰਹਿ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਹੈਲਥ ਐਂਡ ਸਾਇੰਸਜ਼, ਸ੍ਰੀ ਅੰਮ੍ਰਿਤਸਰ ਦੇ ਸਟਾਫ ਮੈਂਬਰਾਂ ਨੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਇਸ ਮੌਕੇ ਮੌਜੂਦਾ ਸਮੇਂ ਵਿੱਚ ਕੋਰਸ ਕਰ ਰਹੀਆਂ ਬੱਚੀਆਂ ਨੇ ਵੀ ਵੱਧ ਚੜ੍ਹ ਕੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ਸਟਾਫ ਮੈਂਬਰ ਮੈਡਮ ਪ੍ਰਭਜੋਤ ਕੌਰ, ਮੈਡਮ ਅਮਰਜੋਤ ਕੌਰ, ਮੈਡਮ ਦਲਜੀਤ ਕੌਰ, ਸ੍ਰ: ਆਰ.ਪੀ. ਸਿੰਘ, ਮੈਡਮ ਅਨੀਤਾ ਬੱਤਰਾ ਆਦਿ ਹਾਜ਼ਿਰ ਸਨ।