
ਜੰਡਿਆਲਾ ਗੁਰੂ, 06 ਅਕਤੂਬਰ (ਕੰਵਲਜੀਤ ਸਿੰਘ ਲਾਡੀ) : ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ 52 ਹਿੰਦੂ ਰਾਜਿਆਂ ਨੂੰ ਰਿਹਾ ਕਰਵਾਉਣ ਦੇ 400 ਸਾਲ ਪੂਰੇ ਹੋਣ ‘ਤੇ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਕਿਲ੍ਹੇ(ਮੱਧ ਪ੍ਰਦੇਸ਼) ਵਿਖੇ 400 ਸਾਲਾ ਬੰਦੀ ਛੋੜ ਦਿਵਸ ਦੇ ਸ਼ਤਾਬਦੀ ਸਮਾਰੋਹਾਂ ਦੀ ਸ਼ੁਰੂਆਤ ਜੈਕਾਰਿਆਂ ਦੀ ਗੂੰਜ ਵਿੱਚ ਸਿੱਖ ਸੰਗਤਾਂ ਵੱਲੋਂ ਕੀਤੀ ਗਈ ਅਤੇ ਪਹਿਲੇ ਦਿਨ ਦੇ ਰਾਤ ਦੇ ਦੀਵਾਨਾਂ ਵਿੱਚ ਮਹਾਨ ਕਵੀ ਦਰਬਾਰ ਕਰਵਾਇਆ ਗਿਆ।
ਇਸ ਕਵੀ ਦਰਬਾਰ ਵਿੱਚ ਸ਼੍ਰੋਮਣੀ ਪੰਥਕ ਕਵੀ ਸਭਾ ਦੇ ਕਾਨੂੰਨੀ ਸਲਾਹਕਾਰ, ਪੰਜਾਬੀ ਸਾਹਿਤ ਸਭਾ(ਰਜਿ) ਜੰਡਿਆਲਾ ਗੁਰੂ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ(ਜੰਡਿਆਲਾ ਗੁਰੂ), ਪੰਜਾਬ ਦੇ ਰਫੀ ਸਰਦਾਰ ਰਛਪਾਲ ਸਿੰਘ ਪਾਲ(ਜਲੰਧਰ), ਡਾ. ਹਰੀ ਸਿੰਘ ਜਾਚਕ (ਲੁਧਿਆਣਾ), ਸਰਦਾਰ ਹਰਭਜਨ ਸਿੰਘ ਦਿਉਲ (ਦਿੱਲੀ),ਸ੍ਰੀ ਜ਼ਮੀਰ ਅਲੀ ਜ਼ਮੀਰ (ਮਲੇਰਕੋਟਲਾ) ਸ਼ਾਮਿਲ ਹੋਏ ਅਤੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਜੈਕਾਰਿਆਂ ਦੀਆਂ ਗੂੰਜਾਂ ਵਿੱਚ ਗੁਰੂ ਉਸਤਤ ਕਰਦਿਆਂ ਆਪਣੀਆਂ ਕਵਿਤਾਵਾਂ ਨਾਲ ਇਤਿਹਾਸ ਦੀਆਂ ਬਾਤਾਂ ਪਾਈਆਂ। ਇਸ ਮੌਕੇ ‘ਤੇ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ, ਸੰਤ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਦਿੱਲੀ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ,ਸੰਤ ਬਾਬਾ ਹਾਕਮ ਸਿੰਘ ਜੀ ਸਰਹਾਲੀ ਵਾਲੇ, ਬਾਬਾ ਲੱਖਾ ਸਿੰਘ ਗਵਾਲੀਅਰ ਵਾਲੇ ਅਤੇ ਹੋਰ ਸੰਤ ਮਹਾਂਪੁਰਸ਼ ਤੇ ਪਤਵੰਤੇ ਸਟੇਜ ਤੇ ਸ਼ੁਸ਼ੋਭਿਤ ਸਨ।
ਇਸ ਕਵੀ ਦਰਬਾਰ ਦੀ ਸਟੇਜ ਦਾ ਸੰਚਾਲਨ ਸਰਦਾਰ ਰਛਪਾਲ ਸਿੰਘ ਪਾਲ ਜਲੰਧਰ ਨੇ ਬਾਖੂਬੀ ਨਿਭਾਇਆ। ਕਵੀ ਦਰਬਾਰ ਦੇ ਅਖੀਰ ਵਿੱਚ ਸਾਰੇ ਕਵੀਆਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਕਤ ਸਾਰੇ ਜਾਣਕਾਰੀ ਜੰਡਿਆਲਾ ਗੁਰੂ ਦੇ ਵਸਨੀਕ ਪੰਥਕ ਕਵੀ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਨੇ ਸਾਂਝੀ ਕੀਤੀ ਅਤੇ ਦੱਸਿਆ ਉਕਤ ਸ਼ਤਾਬਦੀ ਸਮਾਗਮ ਪਿਛਲੇ ਲੰਮੇ ਤੋਂ ਆਰੰਭ ਹੋਏ ਸਨ ਅਤੇ ਮੁੱਖ ਸਮਾਗਮ ਗੁਰਦੁਆਰਾ ਦਾਤਾ ਬੰਦੀ ਛੋੜ, ਕਿਲ੍ਹਾ ਗਵਾਲੀਅਰ ਵਿਖੇ ਮਿਤੀ 4 ਤੋਂ 6 ਅਕਤੂਬਰ ਚਲਣਗੇ।