ਚੋਹਲਾ ਸਾਹਿਬ/ਤਰਨਤਾਰਨ, 01ਜਨਵਰੀ (ਰਾਕੇਸ਼ ਨਈਅਰ) : ਸਿੱਖਿਆ ਦੀ ਗੁਣਵਤਾ ਨੂੰ ਹੋਰ ਵਧਾਉਣ ਅਤੇ ਸਕੂਲੀ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਦੇਣ ਲਈ ਅਧਿਆਪਕ ਇਸ ਨਵੇਂ ਵਰ੍ਹੇ ਇੱਕ ਵਿਉਂਤਬੰਦੀ ਨਾਲ ਕੰਮ ਕਰਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ.ਹਰਭਗਵੰਤ ਸਿੰਘ ਨੇ ਸ਼ਨੀਵਾਰ ਨੂੰ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੀ ਪ੍ਰੇਰਨਾਦਾਇਕ ਫੇਰੀ ਉਪਰੰਤ ਗੱਲਬਾਤ ਕਰਦਿਆਂ ਕੀਤਾ ਕੀਤਾ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਸਾਡਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣਾ ਹੈ।ਇਸ ਮੰਤਵ ਲਈ ਸਾਨੂੰ ਪੂਰੀ ਤਨਦੇਹੀ,ਲਗਨ ਅਤੇ ਮਿਹਨਤ ਨਾਲ ਕੰਮ ਕਰਨਾ ਪਵੇਗਾ।ਉਹਨਾਂ ਕਿਹਾ ਕਿ ਅੱਜ ਨਵੇਂ ਵਰ੍ਹੇ ਤੋਂ ਸਿੱਖਿਆ ਵਿਭਾਗ ਵੱਲੋਂ 100 ਦਿਨਾਂ ਪੜ੍ਹਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।ਜਿਸ ਵਿਚ ਬੱਚਿਆਂ ਦੇ ਪੜ੍ਹਨ ਪੱਧਰ ਵਿਚ ਹੋਰ ਸੁਧਾਰ ਲਿਆਉਣ ਲਈ ਸਮੂਹ ਅਧਿਆਪਕਾਂ ਵਲੋਂ ਪੂਰੇ ਯਤਨ ਕੀਤੇ ਜਾਣ ਦੀ ਲੋੜ ਹੈ।
ਉਹਨਾਂ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਵਿਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅਧਿਆਪਕ ਪੰਜਾਬ ਐਜ਼ੂਕੇਅਰ ਐਪ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਪੇਪਰਾਂ ਲਈ ਪੂਰੀ ਤਿਆਰੀ ਕਰਵਾਉਣ।ਅੱਜ ਦੀ ਇਸ ਫੇਰੀ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਹਰਭਗਵੰਤ ਸਿੰਘ ਨੇ ਸਰਕਾਰੀ ਹਾਈ ਸਕੂਲ ਸੰਘਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ (ਲੜਕੇ) ਵਿਜ਼ਟ ਕੀਤਾ,ਜਿਥੇ ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਸਿੱਖਿਆ ਪ੍ਰਤੀ ਰੁਚੀ ਲੈਣ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਅਸਲੀ ਭਵਿੱਖ ਸਾਡੇ ਵਿਦਿਆਰਥੀਆਂ ਦੇ ਹੱਥਾਂ ਵਿਚ ਹੀ ਹੈ ਅਤੇ ਪੂਰੀ ਉਮੀਦ ਹੈ ਕਿ ਸਾਡੇ ਵਿਦਿਆਰਥੀ ਆਪਣੀ ਮਿਹਨਤ, ਲਗਨ ਅਤੇ ਮਜ਼ਬੂਤ ਇਰਾਦਿਆਂ ਨਾਲ ਇੱਕ ਚੰਗਾ ਮੁਕਾਮ ਹਾਸਿਲ ਕਰਕੇ ਆਪਣਾ,ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਨਗੇ। ਇਸ ਫੇਰੀ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ.ਹਰਭਗਵੰਤ ਸਿੰਘ ਦੇ ਨਾਲ ਸ.ਸੁਖਬੀਰ ਸਿੰਘ ਕੰਗ ਜ਼ਿਲ੍ਹਾ ਗਾਈਡੇਂਸ ਕਾਉਂਸਲਰ ਅਤੇ ਸ.ਮਨਦੀਪ ਸਿੰਘ ਵੀ ਹਾਜਰ ਸਨ।