ਚੋਹਲਾ ਸਾਹਿਬ/ਤਰਨਤਾਰਨ,13 ਮਈ (ਰਾਕੇਸ਼ ਨਈਅਰ) : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਘੜਕਾ ਵਿਖੇ ਬਿਆਸ ਦਰਿਆ ’ਚ ਨਹਾਉਂਦੇ ਸਮੇਂ ਦੋ ਨੌਜਵਾਨਾਂ ਦੀ ਡੁੱਬ ਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਹਰਮਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਸਾਜਨ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਪਿੰਡ ਧਗਾਣਾ ਥਾਣਾ ਪੱਟੀ,ਪਿੰਡ ਪੱਖੋਪੁਰ ਨਿਵਾਸੀ ਸੁਰਜੀਤ ਸਿੰਘ ਪੁੱਤਰ ਮੱਘਰ ਸਿੰਘ ਦੀ ਤੂੜੀ ਬਣਾਉਣ ਵਾਲੀ ਮਸ਼ੀਨ ’ਤੇ ਕੰਮ ਕਰਦੇ ਸਨ।ਅੱਜ ਦੁਪਹਿਰ ਗਰਮੀ ਤੋਂ ਰਾਹਤ ਪਾਉਣ ਲਈ ਦੋਵੇਂ ਜਣੇ ਬਿਆਸ ਦਰਿਆ ਵਿਚ ਨਹਾਉਣ ਲਈ ਉੱਤਰੇ ਪਰ ਤੇਜ਼ ਵਹਾਅ ਦੇ ਚੱਲਦਿਆਂ ਦੋਵੇਂ ਨੌਜਵਾਨ ਰੁੜ੍ਹ ਗਏ।
ਦੋਵਾਂ ਦੀ ਤਲਾਸ਼ ਦੌਰਾਨ ਪਿੰਡ ਘੜਕਾ ਕੋਲ ਬਣੇ ਪਲਟੂਨ ਪੁਲ ਕੋਲੋਂ ਹਰਮਨਪ੍ਰੀਤ ਸਿੰਘ ਅਤੇ ਸਾਜਨ ਸਿੰਘ ਦੀਆਂ ਲਾਸ਼ਾਂ ਬਰਾਮਦ ਹੋਈਆਂ। ਦੋਵੇਂ ਨੌਜਵਾਨ ਜਿੰਨਾ ਦੀ ਉਮਰ 18 ਤੋਂ 20 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ ਚਾਚੇ ਤਾਏ ਦੇ ਪੁੱਤ ਸਨ। ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਨੇ ਸੂਚਨਾ ਮਿਲਣ ‘ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਤਰਨਤਾਰਨ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।