ਤਰਨਤਾਰਨ, 10 ਜੁਲਾਈ (ਰਾਕੇਸ਼ ਨਈਅਰ) : ਪਿਛਲੇ ਦਿਨਾਂ ਤੋਂ ਪੰਜਾਬ ਵਿੱਚ ਹੋ ਰਹੀ ਭਾਰੀ ਬਾਰਿਸ਼ ਕਰਕੇ ਬਹੁਤ ਨੁਕਸਾਨ ਹੋ ਰਿਹਾ ਹੈ,ਜਿਸ ਕਰਕੇ ਖ਼ਾਸ ਤੌਰ ਤੇ ਕਿਸਾਨੀ ਕਿੱਤੇ ਲਈ ਬਹੁਤ ਮੁਸ਼ਿਕਲਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਜਿੱਥੇ ਬਾਰਿਸ਼ ਨਾਲ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਦਰਿਆ ਬਿਆਸ ਦੇ ਦਰਜਨਾਂ ਪਿੰਡਾਂ ਸੈਂਕੜੇ ਕਿਸਾਨਾਂ ਦਾ ਕਿਸਾਨੀ ਕਿੱਤਾ ਪ੍ਰਭਾਵਿਤ ਹੋਇਆ ਹੈ,ਇਸੇ ਤਰ੍ਹਾਂ ਹੋਰਨਾਂ ਕਿੱਤਿਆਂ ਨੂੰ ਵੀ ਬੁਰੀ ਤਰ੍ਹਾਂ ਢਾਹ ਲੱਗੀ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਦਰਿਆ ਦੇ ਨਾਲ ਲਗਦੇ ਪਿੰਡਾਂ ਜਿਵੇਂ ਘੜਕਾ,ਚੰਬਾ ਕਲਾਂ,ਕੰਬੋਅ ਢਾਏ ਵਾਲਾ,ਧੁੰਨ ਢਾਏ ਵਾਲਾ,ਕਰਮੂੰਵਾਲਾ,ਕਿੜੀਆਂ, ਗੁੱਜਰਪੁਰਾ,ਕਰਮੂੰਵਾਲਾ,ਜੌਹਲ ਢਾਏ ਵਾਲਾ ਆਦਿ ਇਲਾਕਿਆਂ ਵਿੱਚ ਆਪਣੇ ਸਰਕਾਰੀ ਅਧਿਕਾਰੀਆਂ ਨੂੰ ਭੇਜ ਕੇ ਖ਼ਰਾਬ ਹੋਈ ਝੋਨੇ ਦੀ ਫ਼ਸਲ ਅਤੇ ਹੋਰ ਮਾਲੀ ਨੁਕਸਾਨ ਦਾ ਮੁਆਵਜ਼ਾ ਲੋਕਾਂ ਨੂੰ ਦੇਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੁਰੰਤ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਵਾ ਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਜਾਰੀ ਕਰਨ ਤਾਂ ਜ਼ੋ ਕਿਸਾਨ ਖ਼ੁਦਕੁਸ਼ੀਆਂ ਦਾ ਰਸਤਾ ਨਾ ਆਪਣਾਉਣ।ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਹਿਰੀ ਵਿਭਾਗ ਅਤੇ ਇਸ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਨੂੰ ਤੁਰੰਤ ਨਹਿਰਾਂ ਅਤੇ ਡਰੇਨਾਂ ਦੀ ਸਫਾਈ ਕਰਨ ਦਾ ਹੁਕਮ ਜਾਰੀ ਕਰਨ।