ਸਿਆਸਤ ਦਾ ਵਪਾਰੀਕਰਨ ਤੇ ਅਪਰਾਧੀਕਰਨ ਹੋਣ ਨਾਲ ਸੱਤਾਧਾਰੀਆਂ ਦੀ ਬਦਲੀ ਸੋਚ
ਚੋਹਲਾ ਸਾਹਿਬ/ਤਰਨਤਾਰਨ,3 ਦਸੰਬਰ (ਰਾਕੇਸ਼ ਨਈਅਰ):
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੂਬਾ ਸਕੱਤਰ ਸਤਨਾਮ ਸਿੰਘ ਚੋਹਲਾ ਸਾਹਿਬ ਨੇ ਮੌਜ਼ੂਦਾ ਬਣੇ ਸਿਆਸੀ ਹਾਲਾਤਾਂ ‘ਚ ਹਲੇਮੀਂ ਰਾਜ ਦੀ ਵਕਾਲਤ ਕਰਦਿਆਂ ਕਿਹਾ ਕਿ ਅਜਿਹੀ ਹਕੂਮਤ ਹੋਂਦ ਵਿਚ ਆਉਣ ਨਾਲ ਜ਼ਬਰ ਦੀ ਕੋਈ ਥਾਂ ਨਹੀਂ ਹੋਵੇਗੀ।ਸ.ਸਤਨਾਮ ਸਿੰਘ ਚੋਹਲਾ ਸਾਹਿਬ ਨੇ ਦੇਸ਼ ਦੇ ਸਿਆਸੀ ਹਲਾਤਾਂ ਖਾਸ ਕਰਕੇ ਪੰਜਾਬ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਸਿੱਖ ਸਟੇਟ ਹੈ,ਪਰ ਇਥੇ ਬਾਦਲ ਪਰਿਵਾਰ ਨੇ ਸਿਆਸੀ ਇਜਾਰੇਦਾਰੀ ਕਾਇਮ ਕਰਦਿਆਂ ਸਿੱਖ ਪ੍ਰੰਪਰਾਵਾਂ ਹੀ ਇੱਕ ਪਾਸੇ ਕਰ ਦਿਤੀਆਂ,ਜਿਥੇ ਛੇਵੀਂ ਪਾਤਸ਼ਾਹੀ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦਾ ਸਿਧਾਂਤ ਲਾਗੂ ਕਰਕੇ ਧਰਮ ਨੂੰ ਰਾਜਨੀਤੀ ਦੇ ਉਪਰ ਰੱਖਿਆ ਸੀ।ਉਨ੍ਹਾਂ ਕਿਹਾ ਕਿ ਬਾਦਲਾਂ ਦੀਆਂ ਗਲਤ ਨੀਤੀਆਂ ਦਾ ਖਮਿਆਜਾ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ।ਜਮਹੂਰੀ ਨੈਤਿਕ ਕਦਰਾਂ ਕੀਮਤਾਂ ਦੇ ਨਿਘਾਰ ਬਾਰੇ ਵੀ ਸੰਖੇਪ ‘ਚ ਬੋਲਦਿਆਂ ਸ.ਚੋਹਲਾ ਨੇ ਕਿਹਾ ਕਿ ਸਿਆਸਤ ਇਕ ਮਿਸ਼ਨ ਹੈ ਪਰ ਅੱਜ ਦੇ ਹਾਕਮਾਂ ਵੱਲੋਂ ਰਾਜਨੀਤੀ ਨੂੰ ਵੀ ਸਨਅਤ ਬਣਾਉਣ ਨਾਲ ਹੁਣ ਇਥੇ ਨਿਵੇਸ਼ ਹੋਣ ਲਗ ਪਿਆ ਹੈ।ਸਿਆਸਤ ਦਾ ਵਪਾਰੀਕਰਨ ਤੇ ਅਪਰਾਧੀਕਰਨ ਹੋਣ ਨਾਲ ਸੱਤਾਧਾਰੀਆਂ ਦੀ ਸੋਚ ਗੈਰ-ਮਿਸ਼ਨਰੀ ਹੋ ਗਈ ਹੈ।ਪਰ ਹਲੇਮੀਂ ਰਾਜ ਦਇਆ ਦਾ ਸਮੁੰਦਰ,ਰਿਜ਼ਕ ਦਾ ਭੰਡਾਰ ਪਰ ਲੋਟੂ ਟੋਲਿਆਂ ਤੇ ਜ਼ਰਵਾਣਿਆਂ ਦਾ ਪਤਨ ਹੈ।ਇਸ ਲਈ ਹਲੇਮੀਂ ਰਾਜ ਮੌਜੂਦਾ ਹਲਾਤਾਂ ਚ ਸਮੇਂ ਦੀ ਲੋੜ ਹੈ।ਇਸ ਮੌਕੇ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਿੱਖ-ਧਰਮ ਨੂੰ ਖੋਰਾ ਲਾਉਂਦਿਆਂ ਬਾਦਲਾਂ ਨੇ ਸਿੱਖ ਵਿਰੋਧੀ ਤਾਕਤਾਂ ਨੂੰ ਪ੍ਰਫੁਲਤ ਕੀਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜ਼ੁੰਮੇਵਾਰਾਂ ਖਿਲਾਫ ਕੋਈ ਵੀ ਸਖਤ ਕਾਰਵਾਈ ਨਹੀ ਕੀਤੀ ਸਗੋਂ ਉਨਾ ਨੂੰ ਬਚਾਇਆ ਹੈ,ਜਿਸ ਪ੍ਰਤੀ ਸਿੱਖ ਕੌਮ ਵਿੱਚ ਤਿੱਖਾ ਰੋਹ ਹੈ।ਸਤਨਾਮ ਸਿੰਘ ਚੋਹਲਾ ਨੇ ਬਰਗਾੜੀ ਕਾਂਡ ਦੀ ਮਿਸਾਲ ਦਿੰਦਿਆਂ ਕਿਹਾ ਕਿ ਸਿੱਖ ਇਤਿਹਾਸ ਬਾਦਲ ਪਰਿਵਾਰ ਨੂੰ ਕਦੇ ਮਾਫ ਨਹੀ ਕਰੇਗਾ,ਜਿਨ੍ਹਾਂ ਦੀ ਹਕੂਮਤ ਵਿੱਚ ਦੋ ਸਿੱਖ ਗੱਭਰੂ ਪੁਲਸ ਗੋਲੀ ਨਾਲ ਮਾਰੇ ਗਏ ਸਨ।ਇਸ ਮੌਕੇ ਉਨ੍ਹਾਂ ਨਾਲ ਨਾਲ ਬਾਵਾ ਸਿੰਘ ਸਾਬਕਾ ਸਰਪੰਚ ਰੱਤੋਕੇ,ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ,ਦਲਬੀਰ ਸਿੰਘ ਸਾਬਕਾ ਸਰਪੰਚ,ਗੁਰਜੀਤ ਸਿੰਘ ਟੈਂਟ ਹਾਊਸ ਵਾਲੇ,ਗਿਆਨ ਸਿੰਘ,ਸੁਬੇਗ ਸਿੰਘ,ਏਐਸਆਈ ਤਰਲੋਚਨ ਸਿੰਘ,ਜਗਰੂਪ ਸਿੰਘ ਪੱਖੋਪੁਰ ਸਰਕਲ ਪ੍ਰਧਾਨ,ਅਮਰਜੀਤ ਸਿੰਘ,ਅਵਤਾਰ ਸਿੰਘ,ਸੋਨੂੰ ਸਿੰਘ,ਸਿਮਰਨਜੀਤ ਸਿੰਘ ਕਾਕੂ ਮੌਜੂਦ ਸਨ।