
ਜਲੰਧਰ, 16 ਮਾਰਚ (ਕਬੀਰ ਸੌਂਧੀ) : ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਵਸ ਮੌਕੇ ਪਾਰਟੀ ਵੱਲੋਂ ਫਗਵਾੜਾ ਵਿਖੇ ‘ਪੰਜਾਬ ਸੰਭਾਲੋ ਰੈਲੀ’ ਕੀਤੀ ਗਈ। ਇਸ ਰੈਲੀ ਦੀ ਸਫਲਤਾ ਲਈ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਬਸਪਾ ਵਰਕਰਾਂ-ਸਮਰਥਕਾਂ, ਬਾਮਸੇਫ, ਬੀਵੀਐਫ ਵਲੰਟੀਅਰਾਂ, ਐਨਆਰਆਈ ਸਾਥੀਆਂ, ਬੁੱਧੀਜੀਵੀਆਂ, ਮੀਡੀਆ ਸਮੇਤ ਸਮੂਹ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ।
ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਕਰੀਮਪੁਰੀ ਨੇ ਕਿਹਾ ਕਿ ਸੂਬੇ ਦੇ ਲੋਕ ਪਿਛਲੀਆਂ ਕਾਂਗਰਸ, ਅਕਾਲੀ-ਭਾਜਪਾ ਤੇ ਮੌਜ਼ੂਦਾ ਆਪ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਪੰਜਾਬ ਦੇ ਲੋਕ ਇਨ੍ਹਾਂ ਪਾਰਟੀਆਂ ਤੋਂ ਮੁਕਤੀ ਚਾਹੁੰਦੇ ਹਨ ਤੇ ਉਹ ਬਸਪਾ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਡਾ. ਕਰੀਮਪੁਰੀ ਨੇ ਕਿਹਾ ਕਿ ਫਗਵਾੜਾ ਵਿਖੇ ਬਸਪਾ ਦੀ ਰੈਲੀ ਵਿੱਚ ਮੀਂਹ ਵਿੱਚ ਵੀ ਲੋਕਾਂ ਦੇ ਆਏ ਹੜ੍ਹ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸੂਬੇ ਦੇ ਲੋਕ ਬਸਪਾ ਰਾਹੀਂ ਪੰਜਾਬ ਦੀ ਸੱਤਾ ਸੰਭਾਲਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ 2027 ਵਿੱਚ ਬਸਪਾ ਮਜ਼ਬੂਤੀ ਨਾਲ ਉਭਰੇਗੀ ਅਤੇ ਪੰਜਾਬ ਵਿੱਚ ਲੋਕ ਪੱਖੀ ਸਰਕਾਰ ਬਣਾਏਗੀ। ਸੂਬੇ ਵਿੱਚ ਬਸਪਾ ਸਰਕਾਰ ਬਣਾ ਕੇ ਖੁਸ਼ਹਾਲੀ, ਤਰੱਕੀ ਅਤੇ ਭਾਈਚਾਰੇ ‘ਤੇ ਆਧਾਰਿਤ ਪੰਜਾਬ ਦਾ ਨਿਰਮਾਣ ਕੀਤਾ ਜਾਵੇਗਾ।