ਜਲੰਧਰ, 27 ਨਵੰਬਰ (ਹਰਜਿੰਦਰ ਸਿੰਘ) : ਬਸਤੀਆਤ ਖੇਤਰ ਵਿਚ ਚੋਰਾ ਦਾ ਬੋਲ ਬਾਲਾ ਚੱਲ ਰਿਹਾ ਹੈ। ਜਿਵੇਂ ਚੋਰਾਂ ਨੂੰ ਕੋਈ ਡਰ ਹੀ ਨਾ ਰਿਹਾ ਹੋਵੇ। ਅੱਜ ਬਸਤੀ ਸ਼ੇਖ ਅੱਡੇ ਵਿਖੇ ਭਗਵਾਨ ਵਾਲਮੀਕ ਮੰਦਰ ਦੇ ਬਿਲਕੁਲ ਸਾਹਮਣੇ ਜੁਗਿੰਦਰਪਾਲ ਪਾਨਾਂ ਵਾਲੇ ਦੀ ਦੁਕਾਨ ਦਾ ਸ਼ਟਰ ਤੋੜ ਕਿ ਉਸ ਦਾ ਸਾਰਾ ਸਾਮਾਨ ਤੇ ਕੈਸ਼ ਚੋਰੀ ਕਰ ਕੇ ਲੈ ਗਏ। ਇਥੇ ਇਹ ਵੀ ਦੱਸ ਦੇਈਏ ਕਿ ਇਸ ਦੁਕਾਨ ਵਿਚ ਤੀਸਰੀ ਵਾਰ ਚੋਰੀ ਹੋਈ ਹੈ ਤੇ ਚੋਰ ਇਸ ਤਰਾਂ ਇਸ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਵੇਂ ਉਨ੍ਹਾਂ ਨੂੰ ਪੁਲਿਸ ਦਾ ਕੋਈ ਡਰ ਨਾ ਹੋਵੇ ਇਹ ਦੁਕਾਨ ਬਿਲਕੁਲ ਥਾਣਾ ਨੰ -5 ਵਾਲੀ ਸੜਕ ਤੇ ਹੀ ਹੈ।
ਦੁਕਾਨ ਦੇ ਮਾਲਕ ਜੋਗਿੰਦਰ ਪਾਲ ਨੇ ਇਸ ਘਟਨਾ ਦੀ ਜਾਣਕਾਰੀ ਜਦੋ ਥਾਣੇ ਵਿਚ ਦਿਤੀ ਤਾਂ 5-ਨੰ ਥਾਣਾ ਦੇ ਏ. ਐੱਸ .ਆਈ ਸਤਪਾਲ ਅਤੇ ਹੈਡ ਕਾਂਸਟੇਬਲ ਕੁਲਵੰਤ ਸਿੰਘ ਮੌਕੇ ਤੇ ਪਹੁੰਚੇ। ਥਾਣਾ ਨੰ 5 ਵਿਚ ਰੋਜ਼ ਹੀ ਇਕ -ਦੋ ਚੋਰੀਆਂ ਹੋ ਰਹੀਆਂ ਹਨ। ਨਸ਼ੇ ਦਾ ਕਾਰੋਬਾਰ ਜੋਰਾਂ-ਸ਼ੋਰਾਂ ਤੇ ਹੈ। ਲੋਕਾਂ ਦੀ ਜਾਨ-ਮਾਲ ਨੂੰ ਖ਼ਤਰਾ ਬਣਿਆ ਹੋਇਆ ਹੈ ਪਰ ਪੁਲਿਸ ਦੇ ਕੰਨ ਤੇ ਜੂੰ ਤਕ ਨਹੀਂ ਸਰਕਦੀ।
ਥਾਣਾ ਨੰ -5 ਦੇ ਬਾਰੇ ਅਸੀਂ ਪਿਛਲੇ ਦਿਨੀ ਵੀ ਖ਼ਬਰਾਂ ਲਗਾਈਆਂ ਸਨ ਕਿ ਇਥੇ ਨਸ਼ੇ ਦਾ ਕਾਰੋਬਾਰ ਜੋਰਾਂ ਤੇ ਹੈ ਤੇ ਨਸ਼ਾ ਕਰਨ ਵਾਲਿਆਂ ਨੂੰ ਜਦੋਂ ਨਸ਼ਾ ਕਰਨ ਲਈ ਪੈਸੇ ਨਹੀਂ ਮਿਲਦੇ ਤਾਂ ਉਹ ਲੋਕ ਕ੍ਰਾਈਮ ਕਰਨ ਵਾਲੇ ਪਾਸੇ ਤੁਰਦੇ ਹਨ ਤੇ ਚੋਰੀ ਅਤੇ ਲੁੱਟ-ਖੋਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਇਥੇ ਸੋਚਣ ਵਾਲੀ ਗੱਲ ਇਹ ਹੈ ਕਿ ਥਾਣਾ ਨੰ-5 ਦੇ ਆਲੇ ਦੁਆਲੇ ਹੀ ਇਸ ਤਰਾਂ ਦੀਆਂ ਘਟਨਾਵਾਂ ਕਿਉਂ ਹੋ ਰਹੀਆਂ ਹਨ ਕਿਤੇ ਕੋਈ ਦਾਲ ਵਿਚ ਕਾਲਾ ਤਾਂ ਨਹੀਂ। ਸਾਰੀ ਰਾਤ ਇਸ ਰੋਡ ਤੇ ਪੁਲਿਸ ਦੀ ਗਸ਼ਤ ਹੁੰਦੀ ਰਹਿੰਦੀ ਤੇ ਇਹ ਬਿਲਕੁਲ ਮੇਨ ਸੜਕ ਹੈ। ਬਸਤੀ ਸ਼ੇਖ ਅੱਡੇ ਤੇ ਕੁਝ ਸਮਾਂ ਪਹਿਲਾ ਪੁਲਿਸ ਨਾਕਾ ਵੀ ਲੱਗਦਾ ਸੀ ਪਰ ਉਹ ਨਾਕਾ ਵੀ ਇਥੋਂ ਹਟਾ ਦਿੱਤਾ ਗਿਆ। ਇਸ ਰੋਡ ਤੇ ਚੋਰੀ ਕਰਨਾ ਬਹੁਤ ਹੀ ਜੋਖਿਮ ਭਰਿਆ ਹੈ ਕਿਉਂ ਕਿ ਇਸ ਸੜਕ ਤੇ ਸਾਰੀ ਰਾਤ ਆਵਾਜਾਈ ਰਹਿੰਦੀ ਹੈ। ਇਸ ਸੜਕ ਤੇ ਚੋਰੀ ਹੋਣਾ ਥਾਣਾ ਨੰ -5 ਲਈ ਬਹੁਤ ਵੱਡਾ ਸਵਾਲੀਆਂ ਨਿਸ਼ਾਨ ਪੈਦਾ ਕਰਦਾ ਹੈ।