ਹੁਸ਼ਿਆਰਪੁਰ, 24 ਮਈ (ਜਸਵੀਰ ਸਿੰਘ ਪੁਰੇਵਾਲ) : ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਮਿਊਕੋਮਿਰਕੋਸਿਸ ਜਿਨ੍ਹਾਂ ਨੂੰ ਆਮ ਤੌਰ ’ਤੇ ਬਲੈਕ ਫੰਗਸ ਕਿਹਾ ਜਾਂਦਾ ਹੈ, ਇਹ ਇਕ ਫੰਗਲ ਇਨਫੈਕਸ਼ਨ ਹੁੰਦੀ ਹੈ ਅਤੇ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜੇਕਰ ਸਮੇਂ ’ਤੇ ਮਰੀਜ ਡਾਕਟਰ ਨਾਲ ਸੰਪਰਕ ਕਰੇ ਤਾਂ ਇਸ ਬੀਮਾਰੀ ਦਾ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਇਹ ਬੀਮਾਰੀ ਉਨ੍ਹਾਂ ਮਰੀਜਾਂ ਨੂੰ ਵਧੇਰੇ ਪ੍ਰਭਾਵਿਤ ਕਰਦੀ ਹੈ ਜਿਨ੍ਹਾਂ ਦੀ ਰੋਗ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ, ਇਸ ਵਿੱਚ ਕੈਂਸਰ, ਡਾਈਬਿਟਜ, ਕੋਵਿਡ-19 ਅਤੇ ਹੋਰ ਗੰਭੀਰ ਬੀਮਾਰੀਆਂ ਵਾਲੇ ਮਰੀਜਾਂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੁਝ ਸਾਵਧਾਨੀਆਂ ਅਪਨਾਉਣ ਕਰਕੇ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।ਸਿਵਲ ਸਰਜਨ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਦਾ ਨੱਕ ਬੰਦ ਹੈ ਅਤੇ ਨੱਕ ਵਿੱਚ ਦਰਦ ਹੁੰਦਾ ਹੈ, ਚਿਹਰੇ ਦੇ ਕਿਸੇ ਹਿੱਸੇ ਵਿੱਚ ਦਰਦ ਹੈ, ਨੱਕ ਦੇ ਆਸ-ਪਾਸ ਕਾਲੇ ਧੱਬੇ ਹੁੰਦੇ ਹਨ, ਸਿਰ ਦਰਦ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਤੁਰੰਤ ਡਾਕਟਰ ਤੋਂ ਆਪਣਾ ਚੈਕਅਪ ਕਰਵਾਉਣ ਤਾਂ ਜੋ ਸਮੇਂ ’ਤੇ ਇਸ ਦਾ ਇਲਾਜ ਹੋ ਸਕੇ।
ਉਨ੍ਹਾਂ ਕਿਹਾ ਕਿ ਕੋਵਿਡ ਮਰੀਜਾਂ ਖਾਸ ਕਰਕੇ ਉਨ੍ਹਾਂ ਮਰੀਜਾਂ ਨੂੰ ਜਿਨ੍ਹਾਂ ਨੂੰ ਡਾਇਬਿਟਜ਼ ਹੁੰਦੀ ਹੈ ਜਾਂ ਜਿਨ੍ਹਾਂ ਨੂੰ ਜਿਆਦਾ ਸਟੇਰੋਡ ਦੇਣੇ ਪੈਂਦੇ ਹਨ, ਉਨ੍ਹਾਂ ਵਿੱਚ ਇਹ ਬੀਮਾਰੀ ਪਾਈ ਜਾ ਰਹੀ ਹੈ ਕਿਉਂਕਿ ਉਨ੍ਹਾਂ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੈਲਫ ਮੈਡੀਕੇਸ਼ਨ ਨਾ ਕਰਨ ਅਤੇ ਨਾ ਹੀ ਆਪਣੇ ਆਪ ਸਟੇਰੋਡ ਲੈਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਰੀਜ ਡਾਕਟਰ ਪਾਸ ਜਾਂਦਾ ਹੈ ਅਤੇ ਉਸ ਨੂੰ ਸ਼ੂਗਰ ਦੀ ਬੀਮਾਰੀ ਹੈ ਤਾਂ ਉਹ ਡਾਕਟਰ ਨੂੰ ਆਪਣੀ ਪੂਰੀ ਹਿਸਟਰੀ ਦੱਸਣ। ਉਨ੍ਹਾਂ ਕਿਹਾ ਕਿ ਸ਼ੂਗਰ ਦਾ ਲੈਵਲ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਇਸ ਲਈ ਡਾਕਟਰ ਆਪਣੇ ਹਿਸਾਬ ਨਾਲ ਮਰੀਜ ਨੂੰ ਦਵਾਈ ਦਿੰਦਾ ਹੈ।
ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਕੋਵਿਡ ਮਰੀਜ ਜਦ ਠੀਕ ਹੋ ਕੇ ਘਰ ਚਲੇ ਜਾਂਦੇ ਹਨ ਤਾਂ ਉਹ ਗਾਰਡਨਿੰਗ ਕਰਦੇ ਸਮੇਂ ਮਾਸਕ ਅਤੇ ਦਸਤਾਨੇ ਪਹਿਨਣ ਅਤੇ ਰੂਟੀਨ ਵਿੱਚ ਸਾਫ-ਸਫ਼ਾਈ ਦਾ ਪੂਰਾ ਧਿਆਨ ਰੱਖਣ। ਇਸ ਤੋਂ ਇਲਾਵਾ ਆਪਣਾ ਸ਼ੂਗਰ ਲੈਵਲ ਮਾਨੀਟਰ ਕਰਦੇ ਰਹਿਣ ਅਤੇ ਸੜੇ ਹੋਏ ਜੈਵਿਕ ਪਦਾਰਥ ਜਿਵੇਂ ਬਰੈਡ, ਫ਼ਲ-ਸਬਜੀਆਂ, ਮਿੱਟੀ ਆਦਿ ਦੇ ਸੰਪਰਕ ਵਿੱਚ ਆਉਣ ਤੋਂ ਬਚਣ। ਉਨ੍ਹਾਂ ਕਿਹਾ ਕਿ ਸਭ ਤੋਂ ਜਰੂਰੀ ਗੱਲ ਇਹ ਹੈ ਕਿ ਜੇਕਰ ਕਿਸੇ ਵਿੱਚ ਇਸ ਬੀਮਾਰੀ ਨਾਲ ਸਬੰਧਤ ਲੱਛਣ ਦਿੱਸਣ ਤਾਂ ਉਹ ਤੁਰੰਤ ਡਾਕਟਰ ਨਾਲ ਸੰਪਰਕ ਕਰਨ।