ਪੱਤਰਕਾਰਾਂ ਨੂੰ ਹੀ ਬਦਨਾਮ ਕਰਨ ਵਾਲੇ 4 ਪੱਤਰਕਾਰਾਂ ‘ਤੇ FIR ਦਰਜ
ਫ਼ਗਵਾੜਾ, 10 ਅਕਤੂਬਰ (ਬਿਊਰੋ) : ਪੱਤਰਕਾਰ ਪੂਰੇ ਦੇਸ਼-ਦੁਨੀਆ ਦੀਆਂ ਖਬਰਾਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। ਲੋਕ ਅੱਖਾਂ ਬੰਦ ਕਰਕੇ ਉਨ੍ਹਾਂ ‘ਤੇ ਯਕੀਨ ਕਰਦੇ ਹਨ ਕਿ ਉਹ ਲੋਕਾਂ ਤੱਕ ਸੱਚ ਹੀ ਪਹੁੰਚਾ ਰਹੇ ਹਨ। ਪਰ ਅੱਜਕੱਲ੍ਹ ਕੁਝ ਪੱਤਰਕਾਰਾਂ ਵੱਲੋਂ ਪੱਤਰਕਾਰੀ ਨੂੰ ਹੀ ਬਦਨਾਮ ਕੀਤਾ ਜਾ ਰਿਹਾ ਹੈ।
ਕਈ ਪੱਤਰਕਾਰਾਂ ਵੱਲੋਂ ਬਿਨਾਂ ਸੋਚੇ-ਸਮਝੇ ਅਤੇ ਤੱਥਾਂ ਤੋਂ ਬਗੈਰ ਖ਼ਬਰਾਂ ਬਣਾ ਕੇ ਪਾ ਦਿੱਤੀਆਂ ਜਾਂਦੀਆਂ ਹਨ, ਜਿਸ ਦੀ ਸੱਚਾਈ ਸਾਹਮਣੇ ਆਉਣ ‘ਤੇ ਲੋਕ ਤਾਂ ਉਨ੍ਹਾਂ ਦੇ ਖਿਲਾਫ ਹੁੰਦੇ ਹੀ ਹਨ, ਪਰ ਪੱਤਰਕਾਰ ਭਾਈਚਾਰਾ ਵੀ ਨਾਰਾਜ਼ ਹੋ ਜਾਂਦਾ ਹੈ। ਕੁਝ ਅਜਿਹਾ ਹੀ ਪਿਛਲੇ ਦਿਨੀਂ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਸ਼ਹਿਰ ਵਿੱਚ ਹੋਇਆ ਸੀ, ਜਿੱਥੇ ਕੁਝ ਪੱਤਰਕਾਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਖ਼ਬਰ ਪਾਈ ਗਈ ਕਿ ਫਗਵਾੜਾ ਵਿੱਚ ਇੱਕ ਪੱਤਰਕਾਰ ਨੇ 16 ਲੱਖ ਰੁਪਏ ਦੀ ਠੱਗੀ ਮਾਰੀ ਹੈ, ਪਰ ਇਸ ਵਿੱਚ ਕੋਈ ਨਾਂ ਨਹੀਂ ਲਿਖਿਆ ਗਿਆ।
ਇਸ ਨਾਲ ਸ਼ਹਿਰ ਵਿੱਚ ਸਾਰੇ ਪੱਤਰਕਾਰਾਂ ਦਾ ਅਕਸ ਖਰਾਬ ਹੋ ਰਿਹਾ ਸੀ ਅਤੇ ਲੋਕ ਹਰ ਪੱਤਰਕਾਰ ਨੂੰ ਸ਼ੱਕ ਦੀ ਨਿਗਾਹ ਨਾਲ ਵੇਖ ਰਹੇ ਸਨ। ਇਸ ਦੀ ਸ਼ਿਕਾਇਤ ਪੱਤਰਕਾਰਾਂ ਨੇ ਕਪੂਰਥਲਾ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੂੰ ਦਿੱਤੀ ਤਾਂ ਜੋ ਮਾਮਲੇ ਦੀ ਨਿਰਪੱਖ ਜਾਂਚ ਹੋ ਸਕੇ।
ਐਸਐਸਪੀ ਖੱਖ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ, ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਖਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ ਅਤੇ ਇਸ ਤੋਂ ਬਾਅਦ ਹੀ ਐਸਐਸਪੀ ਖੱਖ ਨੇ ਫਗਵਾੜਾ ਦੇ ਚਾਰ ਪੱਤਰਕਾਰਾਂ ‘ਤੇ ਮਾਮਲਾ ਦਰਜ ਕਰ ਲਿਆ।