
ਜੰਡਿਆਲਾ ਗੁਰੂ, 04 ਅਪ੍ਰੈਲ (ਕੰਵਲਜੀਤ ਸਿੰਘ) : ਸਿੱਖ ਕੌਮ ਦੇ ਨੌਜਵਾਨ ਪ੍ਰਚਾਰਕ ਭਾਈ ਮਲਕੀਤ ਸਿੰਘ ਨਿਮਾਣਾ ਨੇ ਧਰਮ ਪ੍ਰਚਾਰ ਦੀ ਫੇਰੀ ਦੌਰਾਨ ਸਥਾਨਕ ਕਸਬੇ ਜੰਡਿਆਲਾ ਗੁਰੂ ਦੇ ਮੁਹੱਲਾ ਜੋਤੀਸਰ ਵਿਖੇ ਜਾਣਕਾਰੀ ਸਾਂਝੀ ਕੀਤੀ ਕਿ ਸਥਾਨਕ ਕਸਬੇ ਦੇ ਨੇੜਲੇ ਪਿੰਡ ਮੱਤੇਵਾਲ ਦੇ ਗੁਰਦੁਆਰਾ ਪੂਰਨਮਾਸ਼ੀ ਵਿਖੇ ਹਰ ਸਾਲ ਦੀ ਤਰ੍ਹਾਂ ਮੁੱਖ ਸੇਵਾਦਾਰ ਬਾਬਾ ਨਿਰਮਲ ਸਿੰਘ ਜੀ ਦੀ ਦੇਖ-ਰੇਖ ਹੇਂਠ ਸਲਾਨਾ ਗੁਰਮਤਿ ਸਮਾਗਮ ਤੇ ਵਿਸ਼ੇਸ਼ ਕਵੀ ਦਰਬਾਰ ਮਿਤੀ 7 ਅਪ੍ਰੈਲ ਨੂੰ ਸ਼ਾਮ 7 ਤੋੰ 10 ਵਜੇ ਕਰਵਾਇਆ ਜਾਵੇਗਾ, ਜਿਸ ਤਹਿਤ ਕਥਾਵਾਚਕ ਗਿਆਨੀ ਜਸਵਿੰਦਰ ਸਿੰਘ ਜੀ ਦਰਦੀ (ਸ਼੍ਰੀ ਮੰਜੀ ਸਾਹਿਬ,ਅੰਮ੍ਰਿਤਸਰ) ਵਿਸ਼ੇਸ਼ ਤੌਰ ‘ਤੇ ਕਥਾ ਵਿਚਾਰਾਂ ਨਾਲ ਸੰਗਤ ਨੂੰ ਨਿਹਾਲ ਕਰਨਗੇ। ਉਪਰੰਤ ਵਿਸ਼ੇਸ਼ ਕਵੀ ਦਰਬਾਰ ‘ਚ ਪੰਥਕ ਕਵੀ ਭਾਈ ਮੱਖਣ ਸਿੰਘ ਧਾਲੀਵਾਲ, ਭਾਈ ਦੀਪ ਸਿੰਘ ਲੁਧਿਆਣਾ, ਬੀਬੀ ਮਨਜੀਤ ਕੌਰ ਪਹੁਵਿੰਡ ਵਿਸ਼ੇਸ਼ ਤੌਰ ‘ਤੇ ਕਵਿਤਾਵਾਂ ਰਾਹੀਂ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜੋੜਨਗੇ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਸੰਤ ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਾਲੇ, ਦਮਦਮੀ ਟਕਸਾਲ ਤੋਂ ਗਿਆਨੀ ਪ੍ਰਗਟ ਸਿੰਘ ਜੀ ਭੀਲੋਵਾਲ, ਗਿਆਨੀ ਨਿਸ਼ਾਨ ਸਿੰਘ ਜੀ ਖ਼ਾਲਸਾ ਸਿਆਲਕਾ ਵੀ ਪਹੁੰਚਣਗੇ। ਸਮਾਗਮ ਦੌਰਾਨ ਸਿੰਘ ਸਾਹਿਬ ਬਾਬਾ ਬਲਵਿੰਦਰ ਸਿੰਘ ਜੀ ਮੱਤੇਵਾਲ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸਮਾਗਮ ਦੌਰਾਨ ਪੰਥਕ ਕਵੀ ਤਰਲੋਕ ਸਿੰਘ ਦੀਵਾਨਾ ਪੰਜਵੇਂ ਯਾਦਗਾਰੀ ਅਵਾਰਡ ਨਾਲ ਭਾਈ ਮੱਖਣ ਸਿੰਘ ਧਾਲੀਵਾਲ ਜੀ ਨੂੰ ਸਨਮਾਨਿਤ ਕੀਤਾ ਜਾਵੇਗਾ।