ਗੋਇੰਦਵਾਲ ਸਾਹਿਬ/ਖਡੂਰ ਸਾਹਿਬ, 09 ਅਪ੍ਰੈਲ (ਰਾਕੇਸ਼ ਨਈਅਰ) : ਪੰਜਾਬ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਵੱਲੋਂ ਇੱਕ ਤੋਂ ਬਾਅਦ ਇੱਕ ਲੋਕ ਵਿਰੋਧੀ ਅਤੇ ਤੁਗਲਕੀ ਫੈਸਲੇ ਲੈ ਕੇ ਲੋਕਾਂ ਲਈ ਨਿੱਤ ਨਵੀਂਆਂ ਮੁਸ਼ਕਿਲਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ, ਪਰ ਇਸ ਵਾਰ ਤਾਂ ਸਰਕਾਰੀ ਦਫਤਰਾਂ ਦਾ ਸਮਾਂ ਦੁਪਹਿਰ ਦੋ ਵਜੇ ਤੱਕ ਕਰਕੇ ਲੋਕਾਂ ਦੀ ਖੱਜਲਖੁਆਰੀ ਨੂੰ ਹੋਰ ਵਧਾ ਕੇ ਆਪਣੀ ਬਚਕਾਨੀ ਸੋਚ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਹ ਸਾਬਤ ਕਰ ਦਿਤਾ ਹੈ ਕਿ ਸਰਕਾਰ ਚਲਾਉਣ ਦੇ ਮਾਮਲੇ ਵਿੱਚ ਇਹ ਬਿਲਕੁਲ ਅਨਾੜੀ ਸਾਬਤ ਹੋਏ ਹਨ।ਇਹ ਸ਼ਬਦ ਭਾਜਪਾ ਦੇ ਜ਼ਿਲਾ ਮੀਤ ਪ੍ਰਧਾਨ ਅਤੇ ਪੰਜਾਬੀ ਕਲਾ ਅਤੇ ਸਾਹਿਤ ਕਲੱਬ ਦੇ ਪ੍ਰਧਾਨ ਅਮਰਪਾਲ ਸਿੰਘ ਖਹਿਰਾ ਨੇ ਚੋਣਵੇਂ ਪੱਤਰਕਾਰਾਂ ਨਾਲ਼ ਗੱਲਬਾਤ ਦੌਰਾਨ ਸਾਂਝੇ ਕੀਤੇ।
ਉਹਨਾਂ ਕਿਹਾ ਕਿ ਸਰਕਾਰੀ ਦਫਤਰਾਂ ਵਿੱਚ ਕੰਮਕਾਜ ਦੇ ਹਾਲ ਦਾ ਸਭ ਨੂੰ ਹੀ ਪਤਾ ਹੈ ਅਤੇ ਲੋਕ ਕਈ-ਕਈ ਦਿਨ ਕੰਮ ਕਰਵਾਉਣ ਨੂੰ ਗੇੜੇ ਮਾਰਦੇ ਰਹਿੰਦੇ ਹਨ, ਪਰ ਹੁਣ ਸਮਾਂ ਘੱਟ ਕਰਕੇ ਲੋਕਾਂ ਦੇ ਕੰਮ ਹੋਰ ਦੇਰ ਨਾਲ਼ ਹੋਣਗੇ ਅਤੇ ਜਨਤਾ ਦੀ ਖੱਜਲ ਖੁਆਰੀ ਵਧੇਗੀ।ਉਹਨਾਂ ਹੋਰ ਕਿਹਾ ਕਿ ਬਿਜਲੀ ਬਚਾਉਣ ਦੇ ਦਾਅਵੇ ਹਾਸੋਹੀਣੇ ਹਨ ਤੇ ਲਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਪੰਜਾਬ ਵੱਡੇ ਬਿਜਲੀ ਸੰਕਟ ਵੱਲ ਵੱਧ ਰਿਹਾ ਹੈ।ਸ.ਖਹਿਰਾ ਨੇ ਸਰਕਾਰ ਵੱਲੋਂ ਤੁਰੰਤ ਸਰਕਾਰੀ ਦਫਤਰਾਂ ਦਾ ਪੁਰਾਣਾ ਸਮਾਂ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਖੱਜਲਖੁਆਰ ਹੋ ਰਹੀ ਜਨਤਾ ਇਸ ਹੰਕਾਰੀ ਸਰਕਾਰ ਦਾ ਜਲੰਧਰ ਜ਼ਿਮਨੀ ਚੋਣ ਵਿੱਚ ਕਰਾਰੀ ਹਾਰ ਦੇ ਕੇ ਹੰਕਾਰ ਤੋੜੇਗੀ। ਇਸ ਮੌਕੇ ਸ.ਖਹਿਰਾ ਨਾਲ਼ ਹੋਰ ਆਗੂ ਵੀ ਮੌਜੂਦ ਸਨ।