ਜਲੰਧਰ, 16 ਨਵੰਬਰ (ਹਰਜਿੰਦਰ ਸਿੰਘ) : ਕੌਮੀ ਪ੍ਰੈਸ ਦਿਵਸ ਮੌਕੇ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮੀਡੀਆ ਕਰਮੀਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਜਨਸੰਚਾਰ ਦੇ ਵਿਦਿਆਰਥੀ ਬੜੇ ਉਤਸ਼ਾਹ ਨਾਲ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਮੰਡਲ ‘ਚ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਡਾ. ਲਖਵਿੰਦਰ ਸਿੰਘ ਜੌਹਲ, ਡਾ. ਕਮਲੇਸ਼ ਦੁੱਗਲ, ਜਰਨੈਲ ਸਿੰਘ ਬੱਧਣ ਅਤੇ ਕੁਲਦੀਪ ਸਿੰਘ ਬੇਦੀ ਸ਼ਾਮਲ ਸਨ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਮਾਣਕ ਨੇ ਵਰਤਮਾਨ ਸਮੇਂ ‘ਚ ਪ੍ਰੈਸ ਨੂੰ ਦਰਪੇਸ਼ ਚੁਣੌਤੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ‘ਚ ਪੱਤਰਕਾਰੀ ਬਹੁਤ ਬਹਾਦਰੀ ਵਾਲਾ ਕਿੱਤਾ ਹੈ।
ਸਮਾਜ ‘ਚ ਫੈਲੀਆਂ ਕੁਰੀਤੀਆਂ, ਸਮਾਜ ਵਿਰੋਧੀ ਅਨਸਰਾਂ ਅਤੇ ਸੱਤਾ ਦੇ ਸਿਤਮਾਂ ਨਾਲ ਪੱਤਰਕਾਰਾਂ ਨੂੰ ਜੂਝਣਾ ਪੈਂਦਾ ਹੈ। ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪ੍ਰੈਸ ਕਾਉਂਸਿਲ ਆਫ ਇੰਡੀਆਂ ਦੇ ਸਥਾਪਨਾ ਦਿਵਸ ਨੂੰ ਕੌਮੀ ਪ੍ਰੈੱਸ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਵਰਤਮਾਨ ਸਮੇਂ ‘ਚ ਬਦਲੇ ਹਾਲਤ ਅਨੁਸਾਰ ਪ੍ਰੈਸ ਕਾਊਂਸਿਲ ਨੂੰ ਵੀ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਡਾ. ਕਮਲੇਸ਼ ਦੁੱਗਲ ਨੇ ਨਵੇਂ ਪੱਤਰਕਾਰਾਂ ਅਤੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਵਧੇਰੇ ਜਾਗਰੂਕ ਹੋਣ ਲਈ ਕਿਹਾ। ਸਮਾਗਮ ਵਿਚ ਜਰਨੈਲ ਸਿੰਘ ਬੱਧਣ ਅਤੇ ਕੁਲਦੀਪ ਸਿੰਘ ਬੇਦੀ ਨੇ ਵੀ ਅਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਮਲਕੀਅਤ ਸਿੰਘ ਬਰਾੜ, ਜਸਵੀਰ ਸਿੰਘ ਸੋਢੀ, ਮਲਕੀਅਤ ਸਿੰਘ, ਸੁਕਰਾਂਤ ਸਫਰੀ, ਗੁਰਮੀਤ ਸਿੰਘ ਵਿਰਸਾ ਵਿਹਾਰ, ਰਣਜੀਤ ਸਿੰਘ ਸੋਢੀ, ਰਮੇਸ਼ ਭਗਤ, ਬੀਬੀ ਪੁਸ਼ਪਿੰਦਰ ਕੌਰ, ਅਮਰਜੀਤ ਸਿੰਘ ਨਿੱਝਰ ਤੇ ਹੋਰ ਪੱਤਰਕਾਰ ਹਾਜ਼ਰ ਸਨ।