
ਬਾਬਾ ਬਕਾਲਾ ਸਾਹਿਬ, 16 ਅਪ੍ਰੈਲ (ਸੁਖਵਿੰਦਰ ਬਾਵਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਦਾ ਨਵੀਨੀਕਰਨ ਕਰਨ ਲਈ ਵਚਨਬੱਧ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਖੇਤਰ ਨੂੰ ਬੁਲੰਦੀਆਂ ਉਤੇ ਪਹੁੰਚਾਉਣ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵੀ ਵਧੀਆਂ ਸਿੱਖਿਆ ਪਾ੍ਪਤ ਹੋ ਸਕੇ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸ: ਦਲਬੀਰ ਸਿੰਘ ਟੌਗ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਰੂਮਾਨ, ਸਰਕਾਰੀ ਪ੍ਰਾਇਮਰੀ ਸਕੂਲ ਬੁਲੇਨੰਗਲ, ਸਰਕਾਰੀ ਮਿਡਲ ਸਕੂਲ ਬੁੱਲੇਨੰਗਲ ਅਤੇ ਸਰਕਾਰੀ ਹਾਈ ਸਕੂਲ ਕੋਟ ਮਹਿਤਾਬ ਵਿਖੇ 46 ਲੱਖ 50 ਹ਼ਜਾਰ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ 4 ਸਕੂਲਾਂ ਵਿਚ ਚਾਰਦੀਵਾਰੀ ਅਤੇ ਸਕੂਲਾਂ ਦੀ ਮੁੱਖ ਮੁਰੰਮਤ ਕਰਵਾਈ ਜਾਵੇਗੀ।

ਵਿਧਾਇਕ ਟੌਗ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਲ 2022 ਵਿੱਚ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸਿੱਖਿਆ ਤੇ ਸਿਹਤ ਦੇ ਖੇਤਰਾਂ ਵਿੱਚ ਸੁਧਾਰ ਲਿਆਉਣ ਲਈ ਜ਼ਮੀਨੀ ਪੱਧਰ ਉੱਤੇ ਉਪਰਾਲੇ ਸ਼ੁਰੂ ਹੋਏ ਅਤੇ ਨਿਰੰਤਰ ਯਤਨਾਂ ਸਦਕਾ ਜਿੱਥੇ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਹੋਇਆ ਹੈ ਓਥੇ ਹੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਪੜਾਉਣ ਸ਼ੈਲੀ ਵਿੱਚ ਹੋਰ ਸੁਧਾਰ ਲਿਆਉਣ ਲਈ ਆਈ ਆਈ ਟੀ ਅਹਿਮਦਾਬਾਦ, ਸਿੰਘਾਪੁਰ, ਫਿਨਲੈਂਡ ਵਿੱਚ ਉੱਚ ਪੱਧਰੀ ਸਿਖਲਾਈ ਦਿਵਾਈ ਗਈ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪ੍ਰਦਾਨ ਕੀਤੇ ਉਸਾਰੂ ਮਾਹੌਲ ਸਦਕਾ 200 ਦੇ ਕਰੀਬ ਵਿਦਿਆਰਥੀਆਂ ਨੇ ਉੱਚ ਵੱਕਾਰੀ ਜੇਈਈ ਮੇਨਜ਼ ਦੀ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ 20 ਹਜ਼ਾਰ ਅਧਿਆਪਕ ਪੱਕੇ ਕੀਤੇ ਜਾ ਚੁੱਕੇ ਹਨ ਅਤੇ ਇਹ ਪ੍ਰਕਿਰਿਆ ਹਲੇ ਵੀ ਲਗਾਤਾਰ ਜਾਰੀ ਹੈ। ਇਸ ਤੋਂ ਪਹਿਲਾ ਉਨ੍ਹਾਂ ਸਕੂਲ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮਨਪ੍ਰੀਤ ਕੌਰ, ਪਰਮਜੀਤ ਕੁਮਾਰ, ਸੁਰਜੀਤ ਸਿੰਘ ਮਲਕੀਤ ਸਿੰਘ ਗੁਰਵਿੰਦਰ ਕੌਰ ,ਸ: ਨਿਸ਼ਾਨਜੀਤ ਸਿੰਘ, ਸ਼੍ਰੀ ਪ੍ਰਦੀਪ ਕੁਮਾਰ , ਸ: ਜੈਪਾਲ ਸਿੰਘ ,ਸਕੂਲ ਦਾ ਸਮੁੱਚਾ ਸਟਾਫ ਅਤੇ ਪਿੰਡ ਦੇ ਪਤਵੰਤੇ ਆਦਿ ਹਾਜ਼ਰ ਸਨ।