ਜਲੰਧਰ ,10 ਮਾਰਚ (ਕਬੀਰ ਸੌਂਧੀ) : ਪੰਜਾਬ ਦੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜਟ ਵਿਚ ਕੋਈ ਵੀ ਅਜਿਹੀ ਸਹੂਲਤ ਨਹੀਂ ਦਿੱਤੀ ਗਈ ਹੈ, ਜਿਸਦਾ ਅਸਲ ਵਿੱਚ ਪੰਜਾਬ ਵਾਸੀਆਂ ਨੂੰ ਲਾਭ ਮਿਲ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਸ੍ਰੀ ਰਾਜੇਸ਼ ਬਾਘਾ ਕਿਹਾ ਕਿ ਇਸ ਬਜਟ ਨਾਲ ਪੰਜਾਬ ਵਾਸੀਆਂ ਨੂੰ ਕੋਈ ਰਾਹਤ ਨਹੀਂ ਮਿਲਣ ਵਾਲੀ। ਬਲਕਿ ਇਸ ਬਜਟ ਵਿੱਚ ਕੀਤੇ ਗਏ ਵਾਅਦਿਆਂ ਦਾ ਹਸ਼ਰ ਵੀ ਉਨ੍ਹਾਂ ਵਾਅਦਿਆਂ ਵਾਲਾ ਹੀ ਹੋਵੇਗਾ, ਜਿਸ ਤਰ੍ਹਾਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਝੂਠੇ ਵਾਅਦੇ ਕਰਦੇ ਹੋਏ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਣ ਤੋਂ ਬਾਅਦ ਸੱਤਾ ਹਾਸਲ ਕਰਦੇ ਹੀ ਸਾਰੇ ਵਾਅਦਿਆਂ ਨੂੰ ਭੁਲਾ ਦਿੱਤਾ ਸੀ।
ਰਾਜੇਸ਼ ਬਾਘਾ ਨੇ ਕਿਹਾ ਕਿ ਸੱਤਾ ਸੰਭਾਲਣ ਤੋਂ ਪਿਛਲੇ 4 ਸਾਲ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਬੋਲਣ ਅਤੇ ਘੁਟਾਲੇ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ।
ਬਲਕਿ ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਆਪਣਾ ਨਾਂ ਦੇ ਕੇ ਪੰਜਾਬ ਦੇ ਲੋਕਾਂ ਨੂੰ ਹਨੇਰੇ ਵਿੱਚ ਰੱਖਣ ਦੀ ਕੋਸ਼ਿਸ਼ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋਕ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਸਸਤਾ ਰਾਸ਼ਨ ਅਤੇ ਹੈਲਥ ਸਕੀਮ ਅਧੀਨ ਆਯੂਸ਼ਮਾਨ ਭਾਰਤ ਯੋਜਨਾ ਇਸ ਦਾ ਮੂੰਹੋਂ ਬੋਲਦਾ ਸਬੂਤ ਹਨ। ਇਸ ਤੋਂ ਇਲਾਵਾ ਵੀ ਹੋਰ ਕਈ ਅਜਿਹੀਆਂ ਯੋਜਨਾਵਾਂ ਹਨ ਜਿਸ ਨੂੰ ਪੰਜਾਬ ਸਰਕਾਰ ਆਪਣੇ ਨਾਂ ਤੇ ਚਲਾ ਕੇ ਝੂਠੀ ਵਾਹੋ-ਵਾਹੀ ਖੱਟਣ ਵਿੱਚ ਲੱਗੀ ਹੋਈ ਹੈ। ਜਦੋਂ ਕਿ ਪੰਜਾਬ ਸਰਕਾਰ ਦੇ ਕੰਮਕਾਰ ਕਰਨ ਦੀ ਅਸਲੀ ਤਸਵੀਰ ਇਹ ਹੈ ਕਿ ਇਸ ਸਰਕਾਰ ਨੇ ਲੋਕ ਭਲਾਈ ਲਈ ਡੱਕਾ ਤੱਕ ਵੀ ਦੂਹਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੈਲਥ ਸਕੀਮ ਅਧੀਨ ਚਲਾਈ ਗਈ ਆਯੂਸ਼ਮਾਨ ਭਾਰਤ ਯੋਜਨਾ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਦਾ ਨਾਂ ਦੇ ਕੇ ਚਲਾ ਰਹੀ ਪੰਜਾਬ ਸਰਕਾਰ ਇਸ ਯੋਜਨਾ ਲਈ ਕਾਰਡ ਬਣਵਾਉਣ ਤਕ ਕਿਸੇ ਵੀ ਤਰ੍ਹਾਂ ਦੀ ਸਹੂਲਤ ਦੇਣ ਵਿੱਚ ਵੀ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਜਿਸ ਕਾਰਨ ਆਮ ਲੋਕਾਂ ਨੂੰ ਇਹ ਕਾਰਡ ਬਣਵਾਉਣ ਲਈ ਵੀ ਬਹੁਤ ਘਾਲਣਾ ਘਾਲਣੀ ਪੈ ਰਹੀ ਹੈ ਅਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਸਤਾ ਰਾਸ਼ਨ ਦੇ ਨਾਂ ਤੇ ਬਨਣ ਵਾਲੇ ਕਾਰਡ ਦੇ ਅਸਲੀ ਲਾਭਪਾਤਰੀ ਇਨ੍ਹਾਂ ਕਾਰਡਾਂ ਨੂੰ ਬਣਵਾਉਣ ਲਈ ਧੱਕੇ ਖਾਂਦੇ ਫਿਰ ਰਹੇ ਹਨ ਅਤੇ ਦੂਜੇ ਪਾਸੇ ਕਾਂਗਰਸ ਨਾਲ ਸਬੰਧਤ ਲੋਕਾਂ ਅਤੇ ਉਨ੍ਹਾਂ ਦੇ ਚਹੇਤਿਆਂ ਦੇ ਮੱਲੋ-ਮੱਲੀ ਕਾਰਡ ਬਣਵਾ ਕੇ ਸਸਤੇ ਰਾਸ਼ਨ ਦੇ ਹੱਕਦਾਰ ਬਣਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਭੇਦਭਾਵ ਦੇ ਰਾਹ ਤੇ ਚੱਲ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਏ ਕਿ ਸਰਬਤ ਸਿਹਤ ਬੀਮਾ ਯੋਜਨਾ ਅਤੇ ਸਸਤੇ ਰਾਸ਼ਨ ਲਈ ਕਾਰਡ ਬਣਵਾਉਣ ਲਈ ਸੁਵਿਧਾ ਕੇਂਦਰਾਂ ਵਿੱਚ ਜਾਣ ਵਾਲੇ ਆਮ ਲੋਕਾਂ ਨੂੰ ਤਾਂ ਉੱਥੇ ਦਾ ਸਟਾਫ ਵੀ ਕੋਈ ਰਾਹ ਨਹੀਂ ਦਿੰਦਾ ਅਤੇ ਬਹੁਤ ਮਾੜਾ ਵਤੀਰਾ ਅਪਨਾਉਂਦਾ ਹੈ ਜਦੋਂਕਿ ਇਹ ਕਰਮਚਾਰੀ ਸਰਕਾਰੀ ਨਹੀਂ, ਬਲਕਿ ਠੇਕਾ ਸਿਸਟਮ ਅਧੀਨ ਰੱਖੇ ਹੋਏ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ‘ਅੱਗਾ ਦੌੜ-ਪਿੱਛਾ ਚੌੜ’ ਵਾਲੀ ਸਥਿਤੀ ਤੋਂ ਬਚਣ ਲਈ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਆਪਣੀ ਸਰਕਾਰ ਦਾ ਨਾਂ ਦੇ ਕੇ ਚਲਾਉਣਾ ਬੰਦ ਕਰਨ ਅਤੇ ਸੁਵਿਧਾ ਕੇਂਦਰਾਂ ਵਿੱਚ ਇਹ ਕਾਰਡ ਬਣਵਾਉਣ ਲਈ ਆਉਣ ਵਾਲੇ ਲੋਕਾਂ ਨਾਲ ਉੱਥੋਂ ਦੇ ਸਟਾਫ਼ ਨੂੰ ਚੰਗਾ ਵਤੀਰਾ ਕਰਨ ਦੇ ਹੁਕਮ ਦੇਣ।