
ਜੰਡਿਆਲਾ ਗੁਰੂ, 13 ਫਰਵਰੀ (ਕੰਵਲਜੀਤ ਸਿੰਘ) : 21 ਫਰਵਰੀ ਨੂੰ ਮਨਾਏ ਜਾਂਦੇ ਅੰਤਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਅਤੇ ਪੰਜਾਬੀ ਮਾਤ ਭਾਸ਼ਾ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਤੇ ਸਭਿਆਚਾਰਕ ਕੇੰਦਰ ਤਰਨ-ਤਾਰਨ ਤੇ ਪੰਜਾਬੀ ਸਾਹਿਤ ਸਭਾ (ਰਜਿ) ਜੰਡਿਆਲਾ ਗੁਰੂ ਵੱਲੋਂ ਇੱਕ ਸਾਂਝਾ ਸਮਾਗਮ ਮਿਤੀ 15 ਫਰਵਰੀ ਨੂੰ ਭਾਈ ਮੋਹਨ ਸਿੰਘ ਵੈਦ ਯਾਦਗਾਰੀ ਲਾਇਬ੍ਰੇਰੀ ਤਰਨ ਤਾਰਨ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰਵਾਇਆ ਜਾਵੇਗਾ।
ਪੰਜਾਬੀ ਸਾਹਿਤ ਸਭਾ ਅਤੇ ਸਭਿਆਚਾਰਕ ਕੇਂਦਰ ਤਰਨ ਤਾਰਨ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਅਤੇ ਪੰਜਾਬੀ ਸਾਹਿਤ ਸਭਾ (ਰਜਿ.) ਜੰਡਿਆਲਾ ਗੁਰੂ ਦੇ ਪ੍ਰਧਾਨ ਸ਼ੁਕਰਗੁਜ਼ਾਰ ਸਿੰਘ ਐਡਵੋਕੇਟ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਮਾਗਮ ਤਹਿਤ “ਪੰਜਾਬੀ ਮਾਂ ਬੋਲੀ ਦੇ ਭੂਤ-ਵਰਤਮਾਨ-ਭਵਿੱਖ” ਵਿਸ਼ੇ ‘ਤੇ ਵੱਖ ਵੱਖ ਭਾਸ਼ਾ ਵਿਗਿਆਨੀ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਸਮਾਗਮ ਤਹਿਤ ਭਾਰਤ ਦੌਰੇ ‘ਤੇ ਕੈਨੇਡਾ ਵਸਨੀਕ ਪੰਜਾਬੀ ਸ਼ਾਇਰਾ “ਰਮਿੰਦਰ ਵਾਲੀਆ” ਦਾ ਵਿਸ਼ੇਸ਼ ਰੂਬਰੂ ਸਮਾਰੋਹ ਅਤੇ ਸਨਮਾਨ ਵੀ ਹੋਵੇਗਾ ਤੇ ਉਹ ਪੰਜਾਬੀ ਮਾਤ ਭਾਸ਼ਾ ਨੂੰ ਵਿਦੇਸ਼ਾਂ ਵਿੱਚ ਆ ਰਹੀਆਂ ਚੁਣੌਤੀਆਂ ਸੰਬੰਧੀ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਵਿਚਾਰ ਪੇਸ਼ ਕਰਨਗੇ।