ਜੰਡਿਆਲਾ ਗੁਰੂ, 20 ਫਰਵਰੀ (ਕੰਵਲਜੀਤ ਸਿੰਘ ਲਾਡੀ) : ਪੰਜਾਬੀ ਸਾਹਿਤ ਸਭਾ (ਰਜਿ) ਜੰਡਿਆਲਾ ਗੁਰੂ ਦੇ ਮੀਤ ਪ੍ਰਧਾਨ ਅਤੇ ਦਿੱਲੀ ਪਬਲਿਕ ਸਕੂਲ ਮਾਨਾਂਵਾਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਸਾਹਿਤਕਾਰ ਸਤਿੰਦਰ ਸਿੰਘ ਓਠੀ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਸੰਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਕੋਈ ਵੀ ਭਾਸ਼ਾ ਖ਼ਤਮ ਨਹੀਂ ਕਰ ਸਕਦੀ, ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ਸੀ,ਹੈ ਅਤੇ ਹਮੇਸ਼ਾਂ ਰਹੇਗੀ। ਸ਼੍ਰੀ ਓਠੀ ਨੇ ਦੱਸਿਆ ਕਿ ਬੀਤੇ ਦਿਨ ਪੰਜਾਬੀ ਸਾਹਿਤ ਸਭਾ (ਰਜਿ) ਜੰਡਿਆਲਾ ਗੁਰੂ ਦੇ ਨੁਮਾਇੰਦਿਆਂ ਨੇ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਜਿਲ੍ਹੇ ਨਾਲ ਸੰਬੰਧਤ ਹੋਰ ਸਾਹਿਤਕ ਸਭਾਵਾਂ ਦੇ ਨੁਮਾਇੰਦਿਆਂ, ਸਾਹਿਤਕਾਰਾਂ, ਜ਼ਿਲ੍ਹਾ ਭਾਸ਼ਾ ਅਫ਼ਸਰ ਅੰਮ੍ਰਿਤਸਰ ਮੈਡਮ ਹਰਮੇਸ਼ ਕੌਰ ਯੋਧੇ ਅਤੇ ਜ਼ਿਲ੍ਹਾ ਲਾਇਬ੍ਰੇਰੀ ਅਫ਼ਸਰ ਡਾ. ਪ੍ਰਭਜੋਤ ਕੌਰ ਨਾਲ ਮਿਲਕੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ “ਕੌਮਾਂਤਰੀ ਮਾਤ ਭਾਸ਼ਾ ਦਿਵਸ” ਮਨਾਇਆ। ਉਕਤ ਉਲੀਕੇ ਪ੍ਰੋਗਰਾਮ ਤਹਿਤ “ਪੰਜਾਬੀ ਮਾਂ ਬੋਲੀ” ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਨੂੰ ਲੈਕੇ ਇੱਕ ਵਿਚਾਰ-ਚਰਚਾ ਸੈਸ਼ਨ ਚੱਲਿਆ ਅਤੇ ਉਪਰੰਤ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਵੀ ਹੋਇਆ।
ਜ਼ਿਲ੍ਹਾ ਭਾਸ਼ਾ ਅਫ਼ਸਰ ਮੈਡਮ ਹਰਮੇਸ਼ ਕੌਰ ਯੋਧੇ ਅਤੇ ਜਿਲ੍ਹਾ ਲਾਇਬ੍ਰੇਰੀ ਅਫਸਰ ਡਾ. ਪ੍ਰਭਜੋਤ ਕੌਰ ਨਾਲ ਸਾਹਿਤਕਾਰਾਂ ਦੀ ਸਾਂਝੀ ਤਸਵੀਰ
ਇਸ ਮੋਕੇ ਪ੍ਰਧਾਨਗੀ ਮੰਡਲ ਵਿੱਚ ਮੈਡਮ ਹਰਮੇਸ਼ ਕੌਰ ਯੋਧੇ (ਜ਼ਿਲ੍ਹਾ ਭਾਸ਼ਾ ਅਫ਼ਸਰ) ਡਾ. ਪ੍ਰਭਜੋਤ ਕੌਰ (ਜ਼ਿਲ੍ਹਾ ਲਾਇਬ੍ਰੇਰੀ ਅਫਸਰ), ਕੇਂਦਰੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਧਰਵਿੰਦਰ ਔਲਖ ਪ੍ਰਧਾਨ ਪੰਜਾਬੀ ਸਾਹਿਤ ਸਭਾ ਚੌਗਾਵਾਂ, ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂੂ, ਗੁਰਵੇਲ ਕੋਹਾਲਵੀ ਚੇਅਰਮੈਨ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜਤਿ ਸਿੰਘ ਰਾਜਨ ਸ਼ੁਸ਼ੋਭਿਤ ਹੋਏ । ਇਸ ਮੌਕੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਰਵਾਏ ਗਏ ਕਵੀ ਦਰਾਬਰ ਵਿੱਚ ਐਡਵੋਕੇਟ ਵਿਸ਼ਾਲ ਸ਼ਰਮਾ, ਐਡਵੋਕੇਟ ਨਵਨੀਤ ਸਿੰਘ, ਮੈਡਮ ਚੰਨਪ੍ਰੀਤ ਕੌਰ, ਗੁਰਬਾਜ ਸਿੰਘ ਛੀਨਾ, ਗੁਰਮੇਜ ਸਿੱਧੂ ਫਰੀਦਕੋਟੀਆ, ਨਰਾਇਣ ਭਗਤ, ਰਾਜਪਾਲ ਸ਼ਰਮਾ, ਮੈਡਮ ਰਸ਼ਪਿੰਦਰ ਕੌਰ ਗਿੱਲ ਸੰਚਾਲਕ ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਅਮਨਪ੍ਰੀਤ ਅਠੌਲਾ, ਲਖਵਿੰਦਰ ਸਿੰਘ ਮਾਨ ਹਵੇਲੀਵਾਲਾ, ਰੋਹਿਤ ਸ਼ਰਮਾ, ਪ੍ਰਿੰਸ ਬਿਆਸ ਅਤੇ ਹੋਰ ਸਾਹਿਤਕਾਰਾਂ ਨੇ ਹਾਜ਼ਰੀ ਭਰੀ ਅਤੇ ਕਵੀਆਂ ਨੇ ਕਾਵਿ ਰਚਨਾਵਾਂ ਵੀ ਪੇਸ਼ ਕੀਤੀਆਂ । ਸਨਮਾਨ ਸਮਾਰੋਹ ਤਹਿਤ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਵੱਲੋਂ ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਐਡਵੋਕੇਟ ਸ਼ੁਕਰਗੁਜਾਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਜ਼ਿਲ੍ਹਾ ਲਾਇਬ੍ਰੇਰੀ ਅਫ਼ਸਰ ਡਾ. ਪ੍ਰਭਜੋਤ ਕੌਰ ਨੇ ਨੌਜਵਾਨਾਂ ਨੂੰ ਕਿਤਾਬਾਂ ਅਤੇ ਪੰਜਾਬੀ ਸਾਹਿਤ ਨਾਲ ਜੁੜਨ ਅਤੇ ਜੋੜਨ ਸੰਬੰਧੀ ਵਿਚਾਰ ਪੇਸ਼ ਕੀਤੇ। ਜ਼ਿਲ੍ਹਾ ਭਾਸ਼ਾ ਅਫਸਰ ਮੈਡਮ ਹਰਮੇਸ਼ ਕੌਰ ਯੋਧੇ ਨੇ ਪੁੱਜੇ ਸਾਰੇ ਅਦੀਬਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਘਰਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਬੋਲਣ ਉੱਤੇ ਜ਼ੋਰ ਦੇਣ ਦੀ ਗੱਲ ਆਖੀ। ਮੰਚ ਸੰਚਾਲਨ ਦੇ ਫਰਜ਼ ਸ਼ੇਲਿੰਦਰਜੀਤ ਰਾਜਨ ਨੇ ਬਾਖੂਬੀ ਨਿਭਾਏ।