ਨਕਲ ਰਹਿਤ ਪ੍ਰੀਖਿਆ ਕਰਵਾਉਣ ਲਈ ਜ਼ਿਲ੍ਹੇ ਦੀਆਂ ਟੀਮਾਂ ਕਰਨਗੀਆਂ ਵੱਖ-ਵੱਖ ਸੈਂਟਰਾਂ ਦਾ ਦੌਰਾ
ਚੋਹਲਾ ਸਾਹਿਬ/ਤਰਨਤਾਰਨ,18 ਦਸੰਬਰ (ਰਾਕੇਸ਼ ਨਈਅਰ) : ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਸਰਵੇਖਣ ਕਰਨ ਲਈ ਪੰਜਵੀਂ ਸ਼੍ਰੇਣੀ ਦੀਆਂ ਪਹਿਲੀ ਟਰਮ ਦੀਆਂ ਪ੍ਰੀਖਿਆਵਾਂ 20 ਦਸੰਬਰ ਤੋਂ ਸ਼ੁਰੂ ਹੋ ਰਹੀਆਂ ਹਨ।ਇਹਨਾਂ ਪ੍ਰੀਖਿਆਵਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ.ਸ.ਜਗਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਇਹ ਪ੍ਰੀਖਿਆਵਾਂ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਸੇਲਫ ਮੇਡ ਸੈਂਟਰ ਬਣਾ ਕੇ ਲਈਆਂ ਜਾਣਗੀਆਂ।ਇਹਨਾਂ ਪ੍ਰੀਖਿਆਵਾਂ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਨੂੰ ਸਮੁੱਚੇ ਜ਼ਿਲ੍ਹੇ ਅਤੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਨੂੰ ਸਮੁੱਚੇ ਬਲਾਕ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।ਨਿਗਰਾਨ ਦੀ ਡਿਊਟੀ ਲਈ ਕਲੱਸਟਰ ਮੁਖੀ,ਕਲੱਸਟਰ ਅਧੀਨ ਪੈਂਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਅਮਲੇ ਵਿਚੋਂ ਤਿਕੋਣੀ ਵਿਧੀ ਰਾਹੀਂ ਨਿਯੁਕਤ ਕਰਨਗੇ ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਸ.ਪਰਮਜੀਤ ਸਿੰਘ ਨੇ ਕਿਹਾ ਕਿ ਪ੍ਰੀਖਿਆ ਪੂਰੀ ਤਰਾਂ ਨਕਲ ਰਹਿਤ ਕਰਵਾਉਣ ਲਈ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸਹਿਬਾਨ ਅਤੇ ਜ਼ਿਲ੍ਹੇ ਦੀਆਂ ਟੀਮਾਂ ਵੱਖ ਵੱਖ ਸੈਂਟਰਾਂ ਦਾ ਦੌਰਾ ਕਰਨਗੇ।ਇਸਦੇ ਨਾਲ ਹੀ ਕਲੱਸਟਰ ਮੁਖੀ ਵੀ ਆਪਣੇ-ਆਪਣੇ ਕਲੱਸਟਰ ਅਧੀਨ ਪੈਂਦੇ ਸਕੂਲਾਂ ਦਾ ਦੌਰਾ ਕਰਨਗੇ।ਉਹਨਾਂ ਕਿਹਾ ਕਿ ਸਮੂਹ ਸਕੂਲਾਂ ਨੂੰ ਵਿਦਿਆਰਥੀਆਂ ਦੇ ਸੈਂਟਰ ਨੂੰ ਪੂਰੀ ਤਰਾਂ ਸੈਨੇਟਾਈਜ਼ ਕਰਨ ਲਈ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਅਨੂਪ ਮੈਣੀ ਨੇ ਕਿਹਾ ਕਿ ਇਸ ਸਬੰਧੀ ‘ਪੜ੍ਹੋ ਪੰਜਾਬ ਪੜ੍ਹਾਓ’ ਪੰਜਾਬ ਦੀ ਸਮੁੱਚੀ ਟੀਮ ਆਪਣੇ ਬਲਾਕ ਅੰਦਰ ਵੱਖ ਵੱਖ ਸਕੂਲਾਂ ਦਾ ਦੌਰਾ ਕਰਨ ਦੇ ਨਾਲ ਨਾਲ ਸੈਂਟਰ ਹੈੱਡ ਟੀਚਰ ਦੇ ਕੰਮ ਵਿਚ ਉਹਨਾਂ ਦਾ ਸਹਿਯੋਗ ਕਰੇਗੀ।