ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਹਰ ਖ਼ਾਲਿਸਤਾਨ ਦੇ ਹੱਕ ਵਿਚ ਨਹੀਂ ਲੱਗਾ ਬੈਨਰ : ਪ੍ਰੋ. ਸਰਚਾਂਦ ਸਿੰਘ
ਪੰਨੂ ਦੀ ਕਿਸੇ ਵੀ ਗੱਲ ’ਚ ਨੌਜਵਾਨਾਂ ਨੂੰ ਕੋਈ ਦਿਲਚਸਪੀ ਨਹੀਂ : ਪ੍ਰੋ. ਸਰਚਾਂਦ ਸਿੰਘ
ਅੰਮ੍ਰਿਤਸਰ, 09 ਮਾਰਚ (ਰਾਕੇਸ਼ ਨਈਅਰ) : ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ.ਸਰਚਾਂਦ ਸਿੰਘ ਖਿਆਲਾ ਨੇ ਵਿਦੇਸ਼ੀ ਸੰਗਠਨ ਸਿੱਖ ਫ਼ਾਰ ਜਸਟਿਸ ਦੇ ਗੁਰ ਪਤਵੰਤ ਪੰਨੂ ਨੂੰ ਗਿਰਿਆ ਹੋਇਆ ਗੈਰ ਇਖ਼ਲਾਕੀ ਅਤੇ ਝੂਠਾ ਆਦਮੀ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਝੂਠ ਦਾ ਸਹਾਰਾ ਲੈਣਾ ਛੱਡੇ।ਉਨ੍ਹਾਂ ਨੇ ਪੰਨੂ ਦੀ ਉਸ ਪੋਸਟ ਨੂੰ ਪੂਰੀ ਤਰਾਂ ਝੂਠ ਦਾ ਪੁਲੰਦਾ ਦੱਸਿਆ ਹੈ,ਜਿਸ ਦੇ ਵਿਚ ਉਸ ਨੇ ਦਾਅਵਾ ਕੀਤਾ ਹੈ ਕਿ ਜੀ-20 ਦੀ ਬੈਠਕ ਲਈ ਨਿਰਧਾਰਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਐਸਐਫਜੇ ਵਲੋਂ ਖ਼ਾਲਿਸਤਾਨ ਦੇ ਹੱਕ ਵਿਚ ਨਾਅਰੇ ਲਿਖੇ ਗਏ ਬੈਨਰ ਲਗਾਏ ਗਏ ਹਨ। ਉਨਾਂ ਕਿਹਾ ਕਿ ਪੰਨੂ ਦੀ ਕਿਸੇ ਵੀ ਗੱਲ ’ਚ ਨੌਜਵਾਨਾਂ ਨੂੰ ਕੋਈ ਦਿਲਚਸਪੀ ਨਹੀਂ ਹੈ।ਪ੍ਰੋ:ਸਰਚਾਂਦ ਸਿੰਘ ਨੇ ਕਿਹਾ ਕਿ ਪੰਨੂ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ ਐਸ ਆਈ ਦੇ ਇਸ਼ਾਰੇ ’ਤੇ ਇਸ ਤਰਾਂ ਪ੍ਰਾਪੇਗੰਡਾ ਅਤੇ ਅਫ਼ਵਾਹ ਫੈਲਾ ਕੇ ਭਾਰਤ ਦੀ ਏਕਤਾ ਅਖੰਡਤਾ ਨੂੰ ਢਾਹ ਲਾਉਣ ’ਚ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ਉਸ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਸ਼ਵ ਭਰ ’ਚ ਚੰਗੀਆਂ ਗੱਲਾਂ ਕਰ ਕੇ ਭਾਰਤ ਨੂੰ ਉਭਾਰਿਆ ਹੈ।ਜਦੋਂ ਕਿ ਪੰਨੂ ਝੂਠ ਦਾ ਸਹਾਰਾ ਲੈ ਕੇ ਪੰਜਾਬ ਦੇ ਨੌਜਵਾਨਾਂ ਨੂੰ ਵਰਗਲਾਉਣ ਵਿਚ ਲੱਗਾ ਹੋਇਆ ਹੈ।ਉਨ੍ਹਾਂ ਕਿਹਾ ਕਿ ਪੰਨੂ ਝੂਠ ਸਿਰਜਣ ਵਿਚ ਗ਼ਲਤੀ ਕਰ ਬੈਠਾ ਹੈ,ਕਿਉਂਕਿ ਯੂਨੀਵਰਸਿਟੀ ਦੇ ਗੇਟਾਂ ’ਤੇ 24 ਘੰਟੇ ਸੁਰੱਖਿਆ ਕਰਮਚਾਰੀਆਂ ਅਤੇ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਪੂਰੀ ਤਰਾਂ ਨਜ਼ਰ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀ.ਵਿੱਚ ਜਦੋਂ ਕੋਈ ਬੈਨਰ ਲੱਗਾ ਹੀ ਨਹੀਂ ਹੈ ਤਾਂ ਆਡਿਟ ਪੋਸਟਾਂ ਨਾਲ ਜਬਰੀ ਝੂਠ ਦਾ ਪ੍ਰਚਾਰ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਪੰਨੂ ਵੱਲੋਂ ਲੋਕਾਂ ਦਾ ਧਿਆਨ ਖਿੱਚਣ ਲਈ ਅਜਿਹਾ ਕੀਤਾ ਗਿਆ ਜਦੋਂ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮਰੂ ਗੁਰੂ ਨਗਰੀ ਦੇ ਦੌਰੇ ’ਤੇ ਹਨ।ਪੰਜਾਬ ਦੇ ਨੌਜਵਾਨ ਪੂਰੀ ਤਰਾਂ ਜਾਗਰੂਕ ਹੋ ਚੁੱਕੇ ਹਨ। ਉਹ ਇਸ ਦੀਆਂ ਝੂਠੀਆਂ ਗੱਲਾਂ ਵਿਚ ਆਉਣ ਵਾਲੇ ਨਹੀਂ ਹਨ।
ਪ੍ਰੋ:ਸਰਚਾਂਦ ਸਿੰਘ ਨੇ ਪੰਨੂ ਨੂੰ ਸੁਝਾਅ ਦਿੱਤਾ ਕਿ ਉਹ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਚੇ ਅਤੇ ਸੁੱਚੇ ਮਿਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੇ।ਉਨ੍ਹਾਂ ਨੇ ਪੰਨੂ ਨੂੰ ਭਟਕਿਆ ਹੋਇਆ ਅਤੇ ਦੂਜਿਆਂ ਨੂੰ ਕੁਰਾਹੇ ਪਾਉਣ ਵਾਲਾ ਮਨਮੁਖ ਦੱਸਦਿਆਂ ਕਿਹਾ ਕਿ ਇਹ ਗੁਰੂ ਸਾਹਿਬ ਦੇ ਕਿਸੇ ਵੀ ਸਿਧਾਂਤ ਵਿਚ ਫਿਟ ਨਹੀਂ ਬੈਠਦਾ।ਉਸ ਨੂੰ ਆਪਣੀਆਂ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਡੀ ਪੂਰੀ ਸਿੱਖ ਕੌਮ ਅਤੇ ਹਿੰਦੁਸਤਾਨੀਆਂ ਲਈ ਮਾਣ ਵਾਲੀ ਗੱਲ ਹੈ ਕਿ ਭਾਰਤ ਜੀ 20 ਦੇਸ਼ਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਵਿਚ ਵੀ ਜੀ 20 ਦੇ ਅਧੀਨ ਸੰਮੇਲਨ ਹੋਣੇ ਹਨ।ਜਿਸ ਨਾਲ ਇੱਥੋਂ ਦੀ ਸ੍ਰੀ ਗੁਰੂ ਰਾਮਦਾਸ ਜੀ ਦੀ ਨਿਵਾਜੀ ਹੋਈ ਧਰਤੀ ਨੂੰ ਵਿਸ਼ਵ ਪੱਧਰ ’ਤੇ ਹੋਰ ਵੀ ਉਭਾਰਨ ਦਾ ਮੌਕਾ ਮਿਲੇਗਾ।ਲੋਕ ਇੱਥੋਂ ਦੀ ਖ਼ੁਸ਼ਬੋ ਤੇ ਗੁਰੂ ਦੀਆਂ ਬਖ਼ਸ਼ਿਸ਼ਾਂ ਨੂੰ ਨਾਲ ਲੈ ਕੇ ਜਾਣਗੇ।ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਵਿਚ ਅੜਚਣਾਂ ਢਾਹੁਣ ਵਾਲੇ ਸਿੱਖ ਕੌਮ ਦੇ ਕਦਾਚਿਤ ਹਿਤੈਸ਼ੀ ਨਹੀਂ ਹੋ ਸਕਦੇ। ਕੌਮ ਨੂੰ ਇਸ ਦੀਆਂ ਹਰਕਤਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।ਪ੍ਰੋ:ਸਰਚਾਂਦ ਸਿੰਘ ਨੇ ਕਿਹਾ ਕਿ ਪੰਨੂ ਵਰਗੇ ਲੋਕ ਧਰਮ ਦੇ ਨਾਂ ’ਤੇ ਨੌਜਵਾਨਾਂ ਨੂੰ ਭਾਵੁਕ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ’84 ਦੇ ਨਾਮ ’ਤੇ ਸਿਆਸੀ ਰੋਟੀਆਂ ਤਾਂ ਸੇਕਦੇ ਹਨ ਪਰ ਖ਼ੁਦ ਕਦੇ ਵੀ ਉਨ੍ਹਾਂ ਪੀੜਤਾਂ ਅਤੇ ਵਿਧਵਾਵਾਂ ਦੀਆਂ ਬਸਤੀਆਂ ’ਚ ਨਹੀਂ ਗਏ, ਨਾ ਕਦੀ ਉਨ੍ਹਾਂ ਸਾਰ ਲਈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਪੰਨੂ ਦੇ ਝਾਂਸੇ ਵਿਚ ਆ ਕੇ ਵੱਖਵਾਦੀ ਪੋਸਟਰ ਲਗਾਉਣ ਕਰ ਕੇ ਜੇਲ੍ਹਾਂ ਵਿਚ ਹਨ,ਉਨ੍ਹਾਂ ਦੀ ਵੀ ਪੰਨੂ ਨੇ ਕਦੇ ਵੀ ਸਾਰ ਨਹੀਂ ਲਈ ਹੈ।