ਜਲੰਧਰ, 04 ਮਈ (ਕਬੀਰ ਸੌਂਧੀ) : ਦੇਸ਼ ਵਿਚ ਪ੍ਰੈੱਸ ਦੀ ਆਜ਼ਾਦੀ ਲਈ ਗੰਭੀਰ ਖ਼ਤਰੇ ਉੱਭਰ ਰਹੇ ਹਨ ਅਤੇ ਇਸ ਕਾਰਨ ਜਮਹੂਰੀਅਤ ਵੀ ਕਮਜ਼ੋਰ ਹੋ ਰਹੀ ਹੈ। ਪ੍ਰੈੱਸ ਦੀ ਆਜ਼ਾਦੀ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਨੂੰ ਮਜ਼ਬੂਤ ਬਣਾਉਣ ਲਈ ਹਰ ਪੱਧਰ ‘ਤੇ ਮੀਡੀਆ ਅਦਾਰਿਆਂ ਅਤੇ ਮੀਡੀਆ ਕਰਮੀਆਂ ਨੂੰ ਇਕਮੁੱਠ ਹੋਣਾ ਪਵੇਗਾ। ਇਸ ਸੰਬੰਧੀ ਲੋਕਾਂ ਨੂੰ ਵੀ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਤੇ ਦਿਨ ਪ੍ਰੈੱਸ ਕਲੱਬ ਜਲੰਧਰ ਵਿਚ ਪ੍ਰੈੱਸ ਕਲੱਬ ਵਲੋਂ ‘ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਵਸ’ ‘ਤੇ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਵਿਚ ਵੱਖ-ਵੱਖ ਪੱਤਰਕਾਰਾਂ ਵਲੋਂ ਕੀਤਾ ਗਿਆ।
ਇਸ ਸੈਮੀਨਾਰ ਦੇ ਮੁੱਖ ਬੁਲਾਰੇ ਅਤੇ ‘ਸੱਤਿਆ’ ਹਿੰਦੀ ਚੈਨਲ ਦੇ ਸੀਨੀਅਰ ਪੱਤਰਕਾਰ ਮੁਕੇਸ਼ ਕੁਮਾਰ ਨੇ ਕਿਹਾ ਕਿ 2014 ਤੋਂ ਹੀ ਦੇਸ਼ ਵਿਚ ਪ੍ਰੈੱਸ ਦੀ ਆਜ਼ਾਦੀ ਸੁੰਘੜਦੀ ਜਾ ਰਹੀ ਹੈ ਅਤੇ ਸੱਤਾਧਾਰੀਆਂ ਦੇ ਪ੍ਰਤੀ ਆਲੋਚਨਾਤਮਿਕ ਦ੍ਰਿਸ਼ਟੀਕੋਣ ਰੱਖਣ ਵਾਲੇ ਮੀਡੀਆ ਅਦਾਰਿਆਂ ਅਤੇ ਪੱਤਰਕਾਰਾਂ ਨੂੰ ਸਰਕਾਰਾਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖ਼ਤਰਾ ਪ੍ਰੈੱਸ ਦੀ ਆਜ਼ਾਦੀ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਜਮਹੂਰੀਅਤ ਦੀ ਹੋਂਦ ਵੀ ਖ਼ਤਰੇ ਵਿਚ ਪਈ ਹੋਈ ਹੈ। ਇਸ ਮਕਸਦ ਲਈ ਮੁਹਿੰਮ ਨੂੰ ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ ਹੈ।
ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਭਾਵੇਂ ਪ੍ਰੈੱਸ ਦੀ ਆਜ਼ਾਦੀ ਅਤੇ ਜਮੂਹਰੀਅਤ ਨੂੰ ਵੱਡੇ ਖ਼ਤਰੇ ਦਰਪੇਸ਼ ਹਨ ਪਰ ਅਜੇ ਵੀ ਬਹੁਤ ਸਾਰੇ ਮੀਡੀਆ ਅਦਾਰੇ ਖ਼ਾਸ ਕਰਕੇ ਵੈੱਬ ਟੀ.ਵੀ. ਮੀਡੀਆ ਦੀ ਆਜ਼ਾਦੀ ਅਤੇ ਲੋਕਾਂ ਦੇ ਅਧਿਕਾਰਾਂ ਲਈ ਡੱਟ ਕੇ ਕੰਮ ਕਰ ਰਹੇ ਹਨ। ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਸਮੇਂ ਵੀ ਵੱਡੇ ਮੀਡੀਆ ਅਦਾਰਿਆਂ ਦੀ ਮੁਕਾਬਲੇ ਛੋਟੇ ਮੀਡੀਆ ਅਦਾਰੇ, ਖ਼ਾਸ ਕਰਕੇ ਪ੍ਰਤੀਬੱਧ ਮੀਡੀਏ ਨੇ ਵੱਡਾ ਰੋਲ ਅਦਾ ਕੀਤਾ ਸੀ। ਸਾਨੂੰ ਆਪਣੇ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ।
ਉੱਘੇ ਲੇਖਕ ਦੇਸ ਰਾਜ ਕਾਲੀ ਨੇ ਸੈਮੀਨਾਰ ਨੂੰ ਭਾਵੁਕ ਅੰਦਾਜ਼ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਇਹ ਮੰਨਣਾ ਹੀ ਮੁਸ਼ਕਿਲ ਹੈ ਕਿ ਦੇਸ਼ ਵਿਚ ਪ੍ਰੈੱਸ ਆਜ਼ਾਦ ਹੈ। ਸਰਕਾਰੀ ਅਤੇ ਗ਼ੈਰ-ਸਰਕਾਰੀ ਤੌਰ ‘ਤੇ ਪ੍ਰੈੱਸ ਅਤੇ ਪੱਤਰਕਾਰਾਂ ‘ਤੇ ਲਗਾਤਾਰ ਦਬਾਅ ਪੈ ਰਹੇ ਹਨ ਅਤੇ ਉਨ੍ਹਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ। ਸੀਨੀਅਰ ਪੱਤਰਕਾਰ ਸੁਰਿੰਦਰਪਾਲ ਨੇ ਕਿਹਾ ਆਜ਼ਾਦੀ ਦੇ ਸੰਘਰਸ਼ ਵਿਚ ਪੱਤਰਕਾਰਾਂ ਨੇ ਵੱਡਾ ਰੋਲ ਅਦਾ ਕੀਤਾ ਸੀ ਪਰ ਜੇ ਅੱਜ ਪ੍ਰੈੱਸ ਦੀ ਆਜ਼ਾਦੀ ਵਿਚ ਵਿਗਾੜ ਆਇਆ ਹੈ ਤਾਂ ਇਸ ਲਈ ਮੀਡੀਆ ਦਾ ਇਕ ਵੱਡਾ ਹਿੱਸਾ ਖ਼ੁਦ ਵੀ ਜ਼ਿੰਮੇਵਾਰ ਹੈ। ਇਸ ਸੰਬੰਧੀ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਨੂੰ ਖ਼ੁਦ ਵੀ ਸੁਚੇਤ ਹੋਣਾ ਚਾਹੀਦਾ ਹੈ। ਪ੍ਰੋ. ਹਰਜਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਭਾਵੇਂ ਚੁਣੌਤੀਆਂ ਬਹੁਤ ਵੱਡੀਆਂ ਹਨ ਪਰ ਦ੍ਰਿੜ੍ਹਤਾ ਅਤੇ ਦੂਰ-ਅੰਦੇਸ਼ੀ ਨਾਲ ਮੀਡੀਆ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰ ਸਕਦਾ ਹੈ। ਨੌਜਵਾਨ ਪੱਤਰਕਾਰ ਸੁਕਰਾਂਤ ਨੇ ਕਿਹਾ ਕਿ ਮੀਡੀਆ ਵਿਚ ਭਾਰੂ ਹੋ ਰਹੀਆਂ ਵਪਾਰਕ ਰੁਚੀਆਂ ਅਤੇ ਪੱਤਰਕਾਰਾਂ ਵਿਚ ਆ ਰਹੀਆਂ ਨੈਤਿਕ ਕਮੀਆਂ ਕਮਜ਼ੋਰੀਆਂ ਵੀ ਮੀਡੀਆ ਦੀ ਆਜ਼ਾਦੀ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਨੂੰ ਬਚਾ ਕੇ ਰੱਖਣ ਲਈ ਪੱਤਰਕਾਰ ਭਾਈਚਾਰੇ ਨੂੰ ਸੁਚੇਤ ਰੂਪ ਵਿਚ ਸੰਘਰਸ਼ ਕਰਨਾ ਪਵੇਗਾ ਅਤੇ ਇਸ ਮਕਸਦ ਲਈ ਆਜ਼ਾਦੀ ਦੇ ਇਤਿਹਾਸ ਤੋਂ ਵੀ ਪ੍ਰੇਰਨਾ ਲਈ ਜਾ ਸਕਦੀ ਹੈ। ਸਮਾਜਸੇਵੀ ਸੁਰਿੰਦਰ ਸਿੰਘ ਸੈਣੀ ਨੇ ਪ੍ਰੈੱਸ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਪੱਤਰਕਾਰਾਂ ਅਤੇ ਸਮਾਜ ਦੇ ਸੁਚੇਤ ਵਰਗਾਂ ਵਿਚਕਾਰ ਸੰਵਾਦ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਮੀਡੀਆ ਸੈਮੀਨਾਰ ਵਿਚ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਰਾਕੇਸ਼ ਸ਼ਾਂਤੀਦੂਤ ਵਲੋਂ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ ਅਤੇ ਉਨ੍ਹਾਂ ਨੇ ਵੀ ਮੀਡੀਆ ਦੀ ਆਜ਼ਾਦੀ ਨੂੰ ਬਣਾਈ ਰੱਖਣ ਲਈ ਸਰਗਰਮੀ ਨਾਲ ਇਕਜੁਟ ਹੋ ਕੇ ਕੰਮ ਕਰਨ ਦਾ ਵੀ ਸੁਝਾਅ ਦਿੱਤਾ।
ਆਖ਼ਿਰ ਵਿਚ ਪ੍ਰੈੱਸ ਕਲੱਬ ਦੇ ਸਕੱਤਰ ਮੇਹਰ ਮਲਿਕ ਵਲੋਂ ਸੈਮੀਨਾਰ ਵਿਚ ਹਾਜ਼ਰ ਹੋਣ ਵਾਲੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਅਹੁਦੇਦਾਰ ਤਜਿੰਦਰ ਕੌਰ ਥਿੰਦ, ਮਨਦੀਪ ਸ਼ਰਮਾ ਤੋਂ ਇਲਾਵਾ ਅਮਰਜੀਤ ਸਿੰਘ ਨਿੱਜਰ, ਟਿੰਕੂ ਪੰਡਿਤ, ਜਸਬੀਰ ਸਿੰਘ ਸੋਢੀ, ਸੁਰਜੀਤ ਸਿੰਘ ਜੰਡਿਆਲਾ, ਡੀ.ਆਰ ਬੰਦਨਾ, ਰਮੇਸ਼ ਗਾਬਾ, ਰਮੇਸ਼ ਭਗਤ, ਧਰਮਿੰਦਰ ਸੋਂਧੀ, ਪਵਨ ਸੋਈ, ਬਾਲ ਕ੍ਰਿਸ਼ਨ ਬਾਲੀ ਤੋਂ ਇਲਾਵਾ ਹੋਰ ਕਈ ਨਾਮਵਰ ਪੱਤਰਕਾਰ ਹਾਜ਼ਰ ਸਨ।