ਜੰਡਿਆਲਾ ਗੁਰੂ, 20 ਅਕਤੂਬਰ (ਕੰਵਲਜੀਤ ਸਿੰਘ ਲਾਡੀ) : ਸਥਾਨਕ ਕਸਬੇ ਦੇ ਵਸਨੀਕ ਅਤੇ ਸੇਂਟ ਸਾਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਮੰਗਲ ਸਿੰਘ ਕਿਸ਼ਨਪੁਰੀ(ਡਾ.) ਜੀ ਦਾ ਪਹਿਲਾ ਕਾਵਿ ਸੰਗ੍ਰਹਿ “ਸੋਚਾਂ ਦੀ ਉਡਾਣ” ਬੀਤੇ ਦਿਨ ਲੋਕ ਅਰਪਿਤ ਕੀਤਾ ਗਿਆ। ਉਕਤ ਸਮਾਗਮ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਵਿਖੇ ਹੋਇਆ ਜਿਸ ਵਿੱਚ ਰਿਟਾਇਰਡ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਕਤ ਕਿਤਾਬ ਸੰਬੰਧੀ ਵੱਖ ਵੱਖ ਸਾਹਿਤਕਾਰਾਂ ਨੇ ਵਿਸਥਾਰ ਰੂਪ ਵਿੱਚ ਚਰਚਾ ਕੀਤੀ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪ੍ਰਿੰਸੀਪਲ ਮੰਗਲ ਸਿੰਘ ਕਿਸ਼ਨਪੁਰੀ ਦੇ ਲੇਖਣੀ ਵਿੱਚੋਂ ਕਾਲੀਦਾਸ ਜੀ ਦੀ ਝਲਕ ਮਹਿਸੂਸ ਹੋਣ ਸੰਬੰਧੀ ਆਖਿਆ। ਇਸ ਤਰ੍ਹਾਂ ਡਾ. ਸੁਖਦੇਵ ਸਿੰਘ ਨੇ ਪੰਥਕ ਕਵੀ ਸ:ਤਰਲੋਕ ਸਿੰਘ ਦੀਵਾਨਾ ਜੀ ਦੀ ਝਲਕ ਦੀ ਬਾਤ ਆਖੀ। ਡਾ. ਸਾਹਿਬ ਸਿੰਘ ਅਤੇ ਡਾ. ਜਸਬੀਰ ਕੌਰ ਨੇ ਸਰਲ ਭਾਸ਼ਾ ਦੀ ਵਰਤੋਂ ਦੀ ਗੱਲ ਆਖਦਿਆਂ ਕਿਹਾ ਕਿ ਇਹ ਕਿਤਾਬ ਪਾਠਕਾਂ ਨੂੰ ਸਰਲ ਭਾਸ਼ਾ ਵਿੱਚ ਸਾਹਿਤ ਰੂਪੀ ਤੋਹਫ਼ਾ ਹੈ। ਪੰਜਾਬੀ ਸਾਹਿਤ ਸਭਾ(ਰਜਿ) ਜੰਡਿਆਲਾ ਗੁਰੂ ਦੇ ਪ੍ਰਧਾਨ ਸ਼ੁਕਰਗੁਜ਼ਾਰ ਸਿੰਘ ਨੇ ਕਿਹਾ ਕਿ ਬੜੀ ਉੱਚੀ ਤੇ ਇਨਕਲਾਬੀ ਕਾਵਿ ਉਡਾਰੀ ਰਾਹੀਂ ਪ੍ਰਿੰਸੀਪਲ ਮੰਗਲ ਸਿੰਘ ਕਿਸ਼ਨਪੁਰੀ ਨੇ ਸਾਹਿਤ ਦੇ ਖੇਤਰ ਵਿੱਚ ਆਪਣੀ ਸ਼ਿਰਕਤ ਕੀਤੀ ਹੈ। ਆਖੀਰ ਵਿੱਚ ਪ੍ਰਿੰਸੀਪਲ ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਪਹੁੰਚੇ ਸਾਰੇ ਹੀ ਸਾਹਿਤਕਾਰਾਂ,ਸਰੋਤਿਆਂ ਦਾ ਧੰਨਵਾਦ ਕੀਤਾ।
ਉਕਤ ਸਮਾਗਮ ਡਾ. ਦਰਿਆ ਯਾਦਗਾਰੀ ਲੋਕਧਾਰਾ ਅਤੇ ਸਾਹਿਤ ਮੰਚ, ਪੰਜਾਬ ਦੀ ਰਹਿਨੁਮਾਈ ਹੇਂਠ ਕੀਤਾ ਗਿਆ ਅਤੇ ਮੰਚ ਦੇ ਮੈਂਬਰ ਡਾ. ਗੁਰਪ੍ਰੀਤ ਸਿੰਘ ਮਜੀਠੀਆ ਜੀ ਨੇ ਬੜੇ ਸੁਚੱਜੇ ਢੰਗ ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਕੀਤਾ। ਉਕਤ ਸਮਾਗਮ ਵਿੱਚ ਪੰਜਾਬ ਨਾਟਸ਼ਾਲਾ ਦੇ ਡਾਇਰੈਕਟਰ ਸ: ਜਤਿੰਦਰ ਸਿੰਘ ਬਰਾੜ, ਜਸਪਾਲ ਭੱਟੀ ਇਡੀਅਟ ਕਲੱਬ ਤੋਂ ਸ਼੍ਰੀ ਰਜਿੰਦਰ ਰਿੱਖੀ, ਫਿਲਮੀ ਜਗਤ ਤੋਂ ਸ਼੍ਰੀ ਅਰਵਿੰਦਰ ਭੱਟੀ, ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਮੁਖੀ ਸਤਿੰਦਰ ਸਿੰਘ ਓਠੀ, ਬਲਦੇਵ ਸਿੰਘ ਗਾਂਧੀ, ਮੈਡਮ ਅਮਨਦੀਪ ਕੌਰ, ਮੈਡਮ ਅਮਰਪ੍ਰੀਤ ਕੌਰ ਸਮੇਤ ਕਈ ਸਾਹਿਤਕਾਰ ਅਤੇ ਸਰੋਤੇ ਪਹੁੰਚੇ। ਪੰਜਾਬੀ ਸਾਹਿਤ ਸਭਾ( ਰਜਿ) ਜੰਡਿਆਲਾ ਗੁਰੂ ਵੱਲੋਂ ਪ੍ਰਿੰਸੀਪਲ ਮੰਗਲ ਸਿੰਘ ਕਿਸ਼ਨਪੁਰੀ(ਡਾ.) ਜੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।