ताज़ा खबरपंजाब

ਪ੍ਰਿੰਸੀਪਲ ਪਰਮਿੰਦਰ ਕੌਰ ਖਹਿਰਾ ਦੀ ਕਾਵਿ-ਪੁਸਤਕ ‘ਬਾਗੀ ਦਾਸਤਾਨ’ ਲੋਕ ਅਰਪਨ

ਸ਼੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ,ਇਨਕਲਾਬੀ ਸ਼ਾਇਰ ਜਗਦੇਵ ਸਿੰਘ ਲਲਤੋਂ ਅਤੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ'ਚੋਹਲਾ' ਨੇ ਨਿਭਾਈ ਰਸਮ

ਚੋਹਲਾ ਸਾਹਿਬ/ਤਰਨਤਾਰਨ,9 ਮਾਰਚ (ਰਾਕੇਸ਼ ਨਈਅਰ) : ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਵਿਖੇ ਪ੍ਰਿੰਸੀਪਲ ਪਰਮਿੰਦਰ ਕੌਰ ਖਹਿਰਾ ਦੀ ਕਾਵਿ-ਪੁਸਤਕ ‘ਬਾਗੀ ਦਾਸਤਾਨ’ ਲੋਕ ਅਰਪਨ ਕੀਤੀ ਗਈ।ਲੋਕ ਅਰਪਨ ਦੀ ਰਸਮ ਨਾਮਵਰ ਸ਼ਾਇਰ ਅਤੇ ਸ਼੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ,ਇਨਕਲਾਬੀ ਸ਼ਾਇਰ ਜਗਦੇਵ ਸਿੰਘ ਲਲਤੋਂ,ਕੈਨੇਡਾ ਤੋਂ ਛਪਦੇ ‘ਦੇਸ ਪ੍ਰਦੇਸ ਟਾਈਮਜ਼’ ਅਖ਼ਬਾਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ’ਚੋਹਲਾ’,ਪ੍ਰਿੰਸੀਪਲ ਡਾ.ਕੁਲਵਿੰਦਰ ਸਿੰਘ,ਡੀ.ਆਰ ਤਰਲੋਚਨ ਸਿੰਘ,ਰਵੀ ਇੰਦਰ ਸਿੰਘ ਸਭਰਾਅ, ਪ੍ਰਿੰਸੀਪਲ ਪਰਮਿੰਦਰ ਕੌਰ ਖਹਿਰਾ ਦੇ ਮਾਤਾ ਜੀ ਹਰਜੀਤ ਕੌਰ ਸੰਧੂ ਵਲੋਂ ਨਿਭਾਈ ਗਈ।ਇਸ ਮੌਕੇ ਬੋਲਦਿਆਂ ਸ਼ਾਇਰ ਜਗਦੇਵ ਸਿੰਘ ਲਲਤੋਂ ਨੇ ਕਿਹਾ ਕਿ ਪਰਮਿੰਦਰ ਕੌਰ ਖਹਿਰਾ ਬਾਗੀ ਸੁਰਾਂ ਦੀ ਧਾਰਨੀ ਹੈ ਅਤੇ ਇਸਦੀ ਕਵਿਤਾ ਵਿੱਚ ਇਸ ਗਲੇ-ਸੜੇ ਨਿਜ਼ਾਮ ਦੇ ਵਿਰੁੱਧ ਅੰਤਾਂ ਦਾ ਰੋਹ ਹੈ ਅਤੇ ਇਸਨੂੰ ਬਦਲਣ ਲਈ ਬਗ਼ਾਵਤ ਦਾ ਹੋਕਾ ਹੈ।

ਸ਼੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਨੇ ਕਿਹਾ ਕਿ ਸ਼ਾਇਰਾ ਪਰਮਿੰਦਰ ਕੌਰ ਖਹਿਰਾ ਦੀ ਕਵਿਤਾ ਮਲਕ ਭਾਗੋਆਂ ਦੇ ਵਿਰੁੱਧ ਲਾਲੋਆਂ ਦੇ ਹੱਕ ਵਿੱਚ ਡਟਕੇ ਭੁਗਤਦੀ ਹੈ। ਸੀਨੀਅਰ ਪੱਤਰਕਾਰ ਅਤੇ ਕੈਨੇਡਾ ਤੋਂ ਛਪਦੇ ‘ਦੇਸ ਪ੍ਰਦੇਸ ਟਾਈਮਜ਼’ ਅਖ਼ਬਾਰ ਦੇ ਸੰਪਾਦਕ ਸੁਖਵਿੰਦਰ ਸਿੰਘ’ਚੋਹਲਾ’ ਨੇ ਪ੍ਰਿੰਸੀਪਲ ਪਰਮਿੰਦਰ ਕੌਰ ਖਹਿਰਾ ਨੂੰ ਉਨ੍ਹਾਂ ਦੀ ਪਲੇਠੀ ਕਾਵਿ-ਪੁਸਤਕ ‘ਬਾਗੀ ਦਾਸਤਾਨ’ ਦੀ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਵਿੱਚ ਹੋਰ ਵੀ ਅੱਗੇ ਵਧਣ ਦੀ ਕਾਮਨਾ ਕੀਤੀ।ਪ੍ਰਿੰਸੀਪਲ ਡਾ.ਕੁਲਵਿੰਦਰ ਸਿੰਘ ਨੇ ਆਪਣੀ ਭਾਵਪੂਰਤ ਤਕਰੀਰ ਵਿੱਚ ਗੁਰੂ ਨਾਨਕ ਦੇਵ ਜੀ ਵਲੋਂ ਔਰਤ ਦੇ ਹੱਕ ‘ਚ ਬੁਲੰਦ ਕੀਤੀ ਗਈ ਆਵਾਜ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਵੀ ਜੱਗ-ਜਣਨੀ ਪੂਰੀ ਤਰ੍ਹਾਂ ਮੁਕਤ ਨਹੀਂ ਹੋਈ।ਸ਼ਾਇਰਾ ਪਰਮਿੰਦਰ ਕੌਰ ਖਹਿਰਾ ਨੇ ਆਪਣੀ ਪੁਸਤਕ ਦੀ ਜਾਣ-ਪਹਿਚਾਣ ਕਰਾਉਂਦੇ ਹੋਏ ਕਿਹਾ ਕਿ ਇਹ ਕਾਵਿ-ਪੁਸਤਕ ਮਹਿਜ਼ ਇੱਕ ਕਵਿਤਾ ਹੀ ਨਹੀਂ ਸਗੋਂ ਮੇਰੇ ਸਮੁੱਚੀ ਜ਼ਿੰਦਗੀ ਦੇ ਹੰਢਾਏ ਹੋਏ ਪਲਾਂ ਦੀ ਹੂ-ਬੂ-ਹੂ ਤਸਵੀਰ ਹੈ।ਉਹਨਾਂ ਨੇ ਸਾਹਿਤ ਪ੍ਰਤੀ ਆਪਣੀ ਵਚਨਬੱਧਤਾ ਦਾ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਲਮ ਹਮੇਸ਼ਾ ਲੋਕ-ਪੀੜਾ ਦੀ ਬਾਤ ਪਾਉਂਦੀ ਰਹੇਗੀ।ਇਸ ਮੌਕੇ ਮੈਡਮ ਸੰਦੀਪ ਕੌਰ ਨੇ ਪ੍ਰਿੰਸੀਪਲ ਪਰਮਿੰਦਰ ਕੌਰ ਖਹਿਰਾ ਦੀਆਂ ਲਿਖੀਆਂ ਕਵਿਤਾਵਾਂ ਨੂੰ ਪੇਸ਼ ਕਰਕੇ ਸਰੋਤਿਆਂ ਨੂੰ ਜਜ਼ਬਾਤੀ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੂਪਿੰਦਰ ਸਿੰਘ,ਮਾਸਟਰ ਦਲਬੀਰ ਸਿੰਘ ਚੰਬਾ,ਮਾਸਟਰ ਗੁਰਨਾਮ ਸਿੰਘ ਧੁੰਨ,ਮਾਸਟਰ ਬਲਬੀਰ ਸਿੰਘ,ਪ੍ਰੋਫੈਸਰ ਹਿੰਮਤ ਸਿੰਘ,ਪਵਿੱਤਰਬੀਰ ਸਿੰਘ ਗੰਡੀਵਿੰਡ,ਪੱਤਰਕਾਰ ਬਲਵਿੰਦਰ ਸਿੰਘ,ਪੱਤਰਕਾਰ ਰਾਕੇਸ਼ ਨਈਅਰ,ਪਰਮਿੰਦਰ ਸਿੰਘ ਚੋਹਲਾ,ਨਿਰਮਲ ਸਿੰਘ,ਤੇਜਿੰਦਰ ਸਿੰਘ,ਡਾ.ਜਗਰੂਪ ਸਿੰਘ,ਪ੍ਰਭਜੀਤ ਸਿੰਘ,ਕਮਲਜੀਤ ਸਿੰਘ ਰੰਧਾਵਾ,ਗੁਰਿੰਦਰ ਸਿੰਘ,ਮੈਡਮ ਸਿਮਰਜੀਤ ਕੌਰ,ਪਰਮਿੰਦਰ ਸਿੰਘ ਕੈਰੋਂ ਵਿਸ਼ੇਸ਼ ਰੂਪ ‘ਚ ਹਾਜ਼ਰ ਹੋਏ।ਸਟੇਜ ਸਕੱਤਰ ਦੀ ਭੂਮਿਕਾ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਪਰਵਾਨਾ ਵਲੋਂ ਬਾਖੂਬੀ ਨਿਭਾਈ ਗਈ।

Related Articles

Leave a Reply

Your email address will not be published.

Back to top button