ਜੰਡਿਆਲਾ ਗੁਰੂ, 03 ਮਈ (ਕੰਵਲਜੀਤ ਸਿੰਘ ਲਾਡੀ) : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਪੰਜਾਬ ਪੁਲੀਸ ਵੱਲੋਂ ਦਲਿਤਾਂ ਦੀਆਂ ਸ਼ਿਕਾਇਤਾਂ ਨੂੰ ਅਣਸੁਣਿਆਂ ਕਰਨ ਦਾ ਗੰਭੀਰ ਗੰਭੀਰ ਨੋਟਿਸ ਲਿਆ ਹੈ। ਚੇਤੇ ਰਹੇ ਕਿ ਮਜਦੂਰ ਦਿਵਸ ਤੇ ਮਜਦੂਰ ਵਰਗ ਦੀ ਪ੍ਰਸਾਸ਼ਨਿਕ ਹਲਕਿਆਂ ‘ਚ ਸਮੇਂ ਸਿਰ ਸੁਣਵਾਈ ਕਰਵਾਉਂਣ ਲਈ ਡਾ. ਸਿਆਲਕਾ ਨੇ ਪੰਜਾਬ ਪੁਲੀਸ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਪੱਖਪਾਤੀ ਭੂਮਿਕਾ ‘ਚ ਬਦਲਾਵ ਲਿਆਉਂਣ ਲਈ ਪੁਲੀਸ ਨੂੰ ਨਸੀਹਤ ਦਿੱਤੀ ਹੈ।
ਉਨਾਂ ਨੇ ਕਿਹਾ ਕਿ ਸਾਡੇ ਧਿਆਨ ‘ਚ ਸ਼ਿਕਾਇਤ ਕਰਤਾਂਵਾਂ ਨੇ ਲਿਆਂਦਾ ਹੈ ਕਿ ਕਮਿਸ਼ਨ ਵਲੋਂ ਜ਼ਿਲ੍ਹਾ ਪੁਲੀਸ ਮੁੱਖੀ ਨੂੰ ਸ਼ਿਕਾਇਤ ਸਬੰਧੀ ਨੋਟਿਸ ਜਾਰੀ ਕਰਨ ਤੋਂ ਬਾਅਦ ਪੁਲੀਸ ਦਬਾਅ ਹੇਠ ਆ ਕੇ ਦਲਿਤਾਂ ਤੇ ਫਰਜ਼ੀ ਕਰਾਸ ਕੇਸ ਦਰਜ ਕਰਨ ‘ਚ ਦੌਹਰੀ ਭੂਮਿਕਾ ਨਿਭਾ ਰਹੀ ਹੈ। ਇੱਕ ਸਵਾਲ ਦੇ ਜਵਾਬ ‘ਚ ਡਾ. ਤਰਸੇਮ ਸਿੰਘ ਸਿਆਲਕਾ ਨੇ ਕਿਹਾ ਕਿ ਸ਼ੱਕੀ ਪੁਲੀਸ ਅਫਸਰਾਂ ਦੀ ਵੱਖਰੀ ਸੂਚੀ ਤਿਆਰ ਕਰਕੇ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਜਾਵੇਗੀ, ਜਿੰਨ੍ਹਾਂ ਨੇ ਕਮਿਸ਼ਨ ਦੇ ਦਖਲ ਦੇ ਬਾਵਜੂਦ ਵੀ ਕਮਿਸ਼ਨ ਦੇ ਕੇਸ ਨੂੰ ਪ੍ਰਭਾਵਿਤ ਕਰਨ ਲਈ ਹੱਥਕੰਡੇਂ ਵਰਤੇ ਹਨ।
ਉਨ੍ਹਾ ਦੱਸਿਆ ਕਿ ਗਗੜਭਾਣਾ ਦੀ ਰਹਿਣ ਵਾਲੀ ਗੁਰ ਸਿੱਖ ਬੀਬੀ ਰੁਪਿੰਦਰ ਕੌਰ ਖਾਲਸਾ ਨੇ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ‘ਚ ਐਸਐਚਓ ਮਹਿਤਾ ਚੌਂਕ ਦੀ ਪੁਲੀਸ ਪਾਰਟੀ ਵਲੋਂ ਫਰਜ਼ੀ ਮੁਕੱਦਮਾ ਦਰਜ ਕਰਨ ਬਾਰੇ ਜੋ ਸ਼ਿਕਾਇਤ ਕਮਿਸ਼ਨ ਨੂੰ ਸੌਂਪੀ ਹੈ। ਇਹ ਮਾਮਲਾ ਪੁਲੀਸ ਜ਼ਿਆਦਤੀ ਨਾਲ ਸਬੰਧਿਤ ਹੈ। ਇਸ ਮਾਮਲੇ ‘ਚ ਕਮਿਸ਼ਨ ਦਲਿਤ ਪਰੀਵਾਰ ਦੀ ਸੰਭਵ ਮਦਦ ਕਰਦੇ ਹੋਏ ਇਸ ਕੇਸ ਦੀ ਜਾਂਚ ਵਿਸ਼ੇਸ਼ ਟੀਮ ਤੋਂ ਕਰਵਾਉਂਣ ਲਈ ਕੋਸ਼ਿਸ਼ ਕਰੇਗਾ।
ਇੱਕ ਹੋਰ ਜਾਣਕਾਰੀ ਦਿੰਦਿਆਂ ਡਾ. ਸਿਆਲਕਾ ਨੇ ਦੱਸਿਆ ਕਿ ਮਾਣਯੋਗ ਨਿਆਂ ਪਾਲਕਾ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਨ ਵਾਲਿਆਂ ਅਫਸਰਾਂ ਦੇ ਖਿਲਾਫ ਵੀ ਦਲਿਤ ਸ਼ਿਕਾਇਤ ਕਰਤਾਂਵਾਂ ਨੇ ਸਾਨੂੰ ਸ਼ਿਕਾਇਤਾਂ ਭੇਜੀਆਂ ਹਨ।ਉਨ੍ਹਾ ਨੇ ਕਿਹਾ ਕਿ ਕਮਿਸ਼ਨ ਕਿਰਤੀ ਵਰਗ ਦੀਆਂ ਸ਼ਿਕਾਇਤਾਂ ਸੁਣਨ ਲਈ ਭੱਠਿਆ, ਫੈਕਟਰੀਆਂ ਵਿਖੇ ਸਿੱਧੀ ਪਹੁੰਚ ਕਰਨ ਜਾ ਰਿਹਾ ਹੈ ਤਾਂ ਕਿ ਮਜਦੂਰ ਸ਼੍ਰੇਣੀ ਨੂੰ ਉਸ ਦਾ ਹੱਕ ਸਮੇਂ ਸਿਰ ਮਿਲ ਸਕੇ।
ਉਨ੍ਹਾ ਨੇ ਦੱਸਿਆ ਕਿ ਕਮਿਸ਼ਨ ਵਲੋਂ ਐਸਐਸਪੀ ਅੰਮ੍ਰਿਤਸਰ ਦਿਹਾਤੀ ਅਤੇ ਸੀਪੀ ਅੰਮ੍ਰਿਤਸਰ ਕਮਿਸ਼ਨਰੇਟ ਨੂੰ ਪੱਤਰ ਲਿਖ ਕੇ 2010 ਤੋਂ ਜਿੰਨ੍ਹੇ ਵੀ ਦਲਿਤਾਂ ਦੇ ਪੈਂਡਿੰਗ ਮੁਕੱਦਮੇ ਹਨ ਦੀ ਸਟੇਟਸ ਰਿਪੋਰਟ ਪ੍ਰਾਪਤ ਕਰਨ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਡਾ. ਤਰਸੇਮ ਸਿੰਘ ਸਿਆਲਕਾ ਦੇ ਪੀਆਰਓ ਸ੍ਰ ਸਤਨਾਮ ਸਿੰਘ ਗਿੱਲ ਅਤੇ ਲਖਵਿੰਦਰ ਸਿੰਘ ਅਟਾਰੀ ਹਾਜਰ ਸਨ।