ਜੰਡਿਆਲਾ ਗੁਰੂ, 28 ਜੂਨ (ਕੰਵਲਜੀਤ ਸਿੰਘ) : ਜ਼ਿਲਾ ਪੁਲਿਸ ਦਿਹਾਤੀ ਦੇ ਐਸ ਐਸ ਪੀ ਦੀਆਂ ਹਦਾਇਤਾਂ ਤਹਿਤ ਕਾਰਵਾਈ ਕਰਦਿਆਂ ਪੁਲਿਸ ਥਾਣਾ ਜੰਡਿਆਲਾ ਗੁਰੂ ਵੱਲੋਂ ਇੱਕ ਵਿਅਕਤੀ ਨੂੰ 260 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲੀਸ ਪਾਰਟੀ ਜੰਡਿਆਲਾ ਗੁਰੂ ਤੋਂ ਪਿੰਡ ਖਾਨਕੋਟ ਕਿਲਾ ਜੀਵਨ ਸਿੰਘ ਅਤੇ ਹੋਰ ਪਿੰਡਾਂ ਨੂੰ ਜਾ ਰਹੀ ਸੀ। ਜਦੋਂ ਉਹ ਪਿੰਡ ਕਿਲ੍ਹਾ ਜੀਵਨ ਸਿੰਘ ਤੋਂ ਥੋੜ੍ਹਾ ਪਿੱਛੇ ਗਿਆ ਤਾਂ ਉਸ ਨੇ ਇੱਕ ਨੌਜਵਾਨ ਸਰਦਾਰ ਨੂੰ ਪਿੰਡ ਕਿਲ੍ਹਾ ਜੀਵਨ ਸਿੰਘ ਵੱਲੋਂ ਆਉਂਦਾ ਵੇਖਿਆ ਗਿਆ ।
ਪੁਲਿਸ ਪਾਰਟੀ ਨੂੰ ਦੇਖ ਕੇ ਉਹ ਡਰ ਕੇ ਪਿੱਛੇ ਮੁੜਨ ਲੱਗਾ ਅਤੇ ਆਪਣੀ ਪੈਂਟ ਦੀ ਜੇਬ ‘ਚੋਂ ਪਲਾਸਟਿਕ ਦਾ ਲਿਫਾਫਾ ਕੱਢ ਕੇ ਸੁੱਟ ਦਿੱਤਾ। ਜਦੋਂ ਪੁਲਿਸ ਪਾਰਟੀ ਵੱਲੋਂ ਉਕਤ ਵਿਅਕਤੀ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਨਾਮ ਸ਼ਮਸ਼ੇਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕਿਲਾ ਜੀਵਨ ਸਿੰਘ ਥਾਣਾ ਜੰਡਿਆਲਾ ਗੁਰੂ ਦੱਸਿਆ।
ਜਦੋਂ ਉਸ ਵੱਲੋਂ ਸੁੱਟੇ ਪਲਾਸਟਿਕ ਦੇ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ। ਐਸਐਚਓ ਜੰਡਿਆਲਾ ਗੁਰੂ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੰਸਪੈਕਟਰ ਮੁਖ਼ਤਿਆਰ ਸਿੰਘ ਨੇ ਨਸ਼ਾ ਵੇਚਣ ਵਾਲਿਆਂ ਅਤੇ ਵੇਚਣ ਵਾਲਿਆਂ ਨੂੰ ਇਸ ਗੰਦੇ ਧੰਦੇ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਅਤੇ ਇਲਾਕਾ ਨਿਵਾਸੀਆਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਕੈਪਸ਼ਨ , ਪੁਲਿਸ ਜੰਡਿਆਲਾ ਗੁਰੂ ਵੱਲੋਂ ਹੈਰਇਨ ਸਮੇਤ ਗਿਰਫਤਾਰ ਕੀਤੇ ਵਿਅਕਤੀ ਨਾਲ ਪੁਲਿਸ ਪਾਰਟੀ।